ਸਬਜ਼ੀਆਂ ਦੇ ਰੂਪ ‘ਚ ਮੁਹਾਲੀ ਵਾਸੀਆਂ ਨੂੰ ਮਿਲਦੀ ਹੈ ਜ਼ਹਿਰ

ਸਬਜ਼ੀਆਂ ਦੇ ਰੂਪ ‘ਚ ਮੁਹਾਲੀ ਵਾਸੀਆਂ ਨੂੰ ਮਿਲਦੀ ਹੈ ਜ਼ਹਿਰ

ਐਸ.ਏ.ਐਸ ਨਗਰ : ਜ਼ਹਿਰੀਲੇ ਪਾਣੀ ਨਾਲ ਉੱਗਣ ਵਾਲੀਆਂ ਸਬਜ਼ੀਆਂ ਵੀ ਜ਼ਹਿਰੀਲੀਆਂ ਹੋ ਜਾਂਦੀਆਂ ਹਨ ਜਿਹੜੀਆਂ ਆਮ ਲੋਕਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੀਆਂ ਹੋ ਸਕਦੀਆਂ ਹਨ। ਚੰਡੀਗੜ੍ਹ ਤੋਂ ਜਗਤਪੁਰਾ ਹੁੰਦੇ ਹੋਏ ਦੈੜੀ ਤੇ ਹੋਰ ਪਿੰਡਾਂ ਰਾਹੀਂ ਬਨੂੜ ਤਕ ਜਾਂਦੇ ਗੰਦੇ ਨਾਲੇ ਦੇ ਜ਼ਹਿਰੀਲੇ ਪਾਣੀ ਦੀ ਸਿੰਚਾਈ ਨਾਲ ਬੀਜੀਆਂ ਜਾ ਰਹੀਆਂ ਸਬਜ਼ੀਆਂ ਬਾਅਦ ਵਿਚ ਮੁਹਾਲੀ ਅਤੇ ਚੰਡੀਗੜ੍ਹ ਵਿਚ ਹੀ ਵੇਚੀਆਂ ਜਾਂਦੀਆਂ ਹਨ ਅਤੇ ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਥਾਨਕ ਵਸਨੀਕ ਬਾਜ਼ਾਰ ਵਿਚੋਂ ਜਿਹੜੀ ਸਬਜ਼ੀ ਖ਼ਰੀਦ ਕੇ ਖਾ ਰਹੇ ਹਨ, ਉਹ ਕਿਸ ਹੱਦ ਤੱਕ ਜ਼ਹਿਰੀਲੀ ਹੋ ਸਕਦੀ ਹੈ। ਕਿਸਾਨਾਂ ਵਲੋਂ ਇਸ ਗੰਦੇ ਨਾਲੇ ਵਿਚ ਪਾਈਪ ਸੁੱਟ ਕੇ ਇਹ ਗੰਦਾ ਪਾਣੀ ਅਪਣੇ ਖੇਤਾਂ ਵਿਚ ਉਗਾਈਆਂ ਜਾ ਰਹੀਆਂ ਸਬਜ਼ੀਆਂ ਅਤੇ ਹੋਰ ਫ਼ਸਲਾਂ ਨੂੰ ਲਗਾਇਆ ਜਾ ਰਿਹਾ ਹੈ। ਇਸ ਗੰਦੇ ਨਾਲੇ ਵਿਚ ਜਿੱਥੇ ਚੰਡੀਗੜ੍ਹ, ਜਗਤਪੁਰਾ ਅਤੇ ਹੋਰ ਇਲਾਕਿਆਂ ਦਾ ਸੀਵਰੇਜ, ਗੰਦਮੰਦ, ਮੀਟ ਮੁਰਗੇ ਦੀ ਰਹਿੰਦ-ਖੂੰਹਦ ਅਤੇ ਹੋਰ ਗੰਦਗੀ ਦੀ ਸੁੱਟੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲੇ ਦੇ ਨਾਲ ਲੱਗਦੇ ਪਿੰਡਾਂ ਗੀਗੇ ਮਾਜਰਾ, ਦੈੜੀ, ਮਾਣਕਪੁਰ, ਜਗਤਪੁਰਾ ਦੇ ਖੇਤਾਂ ਦੇ ਮਾਲਕ ਕਿਸਾਨਾਂ ਵਲੋਂ ਇਸ ਗੰਦੇ ਨਾਲੇ ਵਿਚ ਪਾਈਪ ਪਾ ਕੇ ਇਸ ਨਾਲੇ ਦਾ ਗੰਦਾ ਅਤੇ ਜ਼ਹਿਰੀਲਾ ਪਾਣੀ ਸਬਜ਼ੀਆਂ ਅਤੇ ਹੋਰ ਫ਼ਸਲਾਂ ਨੂੰ ਲਗਾਇਆ ਜਾ ਰਿਹਾ ਹੈ, ਜਿਸ ਕਾਰਨ ਇਹ ਜਹਿਰੀਲਾ ਪਾਣੀ ਅਤੇ ਹੋਰ ਮਾਰੂ ਪਦਾਰਥ ਇਹਨਾਂ ਸਬਜ਼ੀਆਂ ਅਤੇ ਹੋਰ ਫ਼ਸਲਾਂ ਰਾਹੀਂ ਲੋਕਾਂ ਦੇ ਸਰੀਰਾਂ ਅੰਦਰ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਕਿਸਾਨ ਖ਼ੁਦ ਵੀ ਜਾਣਦੇ ਹਨ ਕਿ ਇਹ ਸਬਜੀਆਂ ਸਿਹਤ ਤੇ ਮਾਰੂ ਪ੍ਰਭਾਵ ਪਾ ਸਕਦੀਆਂ ਹਨ ਅਤੇ ਉਹਨਾਂ ਵਲੋਂ ਜਿਹੜੀਆਂ ਸਬਜੀਆਂ ਖੁਦ ਆਪਣੇ ਖਾਣ ਪੀਣ ਲਈ ਉਗਾਈਆਂ ਜਾਂਦੀਆਂ ਹਨ, ਉਹਨਾਂ ਸਬਜੀਆਂ ਅਤੇ ਹੋਰ ਫਸਲਾਂ ਨੂੰ ਸਾਫ ਪਾਣੀ ਲਗਾਇਆ ਜਾਂਦਾ ਹੈ ਪਰ ਜਿਹੜੀਆਂ ਫਸਲਾਂ ਅਤੇ ਸਬਜੀਆਂ ਲੋਕਾਂ ਨੂੰ ਵੇਚੀਆਂ ਜਾਂਦੀਆਂ ਹਨ, ਉਹਨਾਂ ਫ਼ਸਲਾਂ ਅਤੇ ਸਬਜ਼ੀਆਂ ਨੂੰ ਇਸ ਗੰਦੇ ਨਾਲੇ ਦਾ ਪਾਣੀ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੰਦੇ ਪਾਣੀ ਵਿਚ ਬਹੁਤ ਜਹਿਰੀਲੇ ਤੱਤ ਅਤੇ ਹੋਰ ਮਾਰੂ ਪਦਾਰਥ ਰਲੇ ਹੁੰਦੇ ਹਨ, ਜੋ ਕਿ ਮਨੁਖੀ ਸਿਹਤ ਲਈ ਬਹੁਤ ਖ਼ਤਰਨਾਕ ਹੁੰਦੇ ਹਨ। ਜਦੋਂ ਸਬਜ਼ੀਆਂ ਅਤੇ ਹੋਰ ਫ਼ਸਲਾਂ ਨੂੰ ਕਿਸਾਨਾਂ ਵਲੋਂ ਇਹ ਗੰਦਾ ਪਾਣੀ ਲਗਾ ਦਿਤਾ ਜਾਂਦਾ ਹੈ ਤਾਂ ਇਨ੍ਹਾਂ ਜ਼ਹਿਰੀਲੇ ਪਦਾਰਥਾਂ ਦਾ ਅਸਰ ਸਬਜ਼ੀਆਂ ਅਤੇ ਹੋਰ ਫ਼ਸਲਾਂ ਉਪਰ ਹੋ ਜਾਂਦਾ ਹੈ। ਜਦੋਂ ਇਹ ਸਬਜ਼ੀਆਂ ਆਮ ਲੋਕ ਖਾਂਦੇ ਹਨ ਤਾਂ ਇਹ ਜਹਿਰੀਲੇ ਪਦਾਰਥ ਲੋਕਾਂ ਦੇ ਸਰੀਰ ਅੰਦਰ ਚਲੇ ਜਾਂਦੇ ਹਨ, ਜਿਸ ਕਾਰਨ ਆਮ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਉਹਨਾਂ ਮੰਗ ਕੀਤੀ ਹੈ ਕਿ ਕਿਸਾਨਾਂ ਵਲੋਂ ਸਬਜ਼ੀਆਂ ਅਤੇ ਫਸਲਾਂ ਨੂੰ ਗੰਦਾ ਅਤੇ ਜ਼ਹਿਰੀਲਾ ਪਾਣੀ ਲਗਾਉਣ ਨਾਲ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਸਬੰਧੀ ਪੰਜਾਬ ਦੇ ਖੁਰਾਕ ਅਤੇ ਡਰੱਗ ਕਮਿਸ਼ਨਰ ਕਾਹਨ ਸਿੰਘ ਪੰਨੂ ਨਾਲ ਸੰਪਰਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹਨਾਂ ਨਾਲ ਸੰਪਰਕ ਕਾਇਮ ਨਹੀਂ ਹੋ ਪਾਇਆ।

You must be logged in to post a comment Login