ਸਿਹਤ ਮੰਤਰੀ ਨੇ ਬਨੂੜ ਨੇੜਲੇ ਪਿੰਡਾਂ ਨੂੰ ਗਰਾਂਟ ਦੇ ਚੈੱਕ ਵੰਡੇ

ਸਿਹਤ ਮੰਤਰੀ ਨੇ ਬਨੂੜ ਨੇੜਲੇ ਪਿੰਡਾਂ ਨੂੰ ਗਰਾਂਟ ਦੇ ਚੈੱਕ ਵੰਡੇ

ਬਨੂੜ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਹਲਕੇ ਦੇ ਬਨੂੜ ਨੇੜਲੇ ਪਿੰਡਾਂ ਨੂੰ ਵਿਕਾਸ ਕਾਰਜ ਲਈ ਪੰਜਾਹ ਲੱਖ ਤੋਂ ਵੱਧ ਦੀ ਰਾਸ਼ੀ ਦੇ ਚੈੱਕ ਪ੍ਰਦਾਨ ਕੀਤੇ। ਇਸ ਮੌਕੇ ਉਨ੍ਹਾਂ ਪੰਚਾਇਤਾਂ ਨੂੰ ਬਿਨ੍ਹਾਂ ਕਿਸੇ ਪੱਖਪਾਤ ਤੋਂ ਪਿੰਡਾਂ ਦੇ ਵਿਕਾਸ ਕਾਰਜ ਕਰਾਉਣ ਲਈ ਆਖਿਆ। ਪਿੰਡ ਬੜੀ, ਮੋਟੇ ਮਾਜਰਾ, ਦੈੜੀ, ਗੀਗੇ ਮਾਜਰਾ, ਢੇਲਪੁਰ ਅਤੇ ਗੁਡਾਣਾ ਆਦਿ ਵਿਖੇ ਗਰਾਟਾਂ ਵੰਡਣ ਮਗਰੋਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਆਖਿਆ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵਿਕਾਸ ਕੰਮ ਕਰਾਉਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਸਨੇਟਾ ਤੋਂ ਮਾਣਕਪੁਰ ਅਤੇ ਪਿੰਡ ਦੈੜੀ ਤੋਂ ਮੀਂਢੇਮਾਜਰਾ ਤੱਕ ਦੀਆਂ ਸੜਕਾਂ ਨੂੰ ਦਸ ਫੁੱਟ ਤੋਂ ਅਠਾਰਾਂ ਫੁੱਟ ਚੌੜਾ ਕਰਵਾਉਣ ਦਾ ਪ੍ਰਾਜੈਕਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਸ ਕਰ ਦਿੱਤਾ ਹੈ ਤੇ ਮੰਡੀਕਰਨ ਬੋਰਡ ਜਲਦੀ ਹੀ ਇਨ੍ਹਾਂ ਸੜਕਾਂ ਦਾ ਕੰਮ ਆਰੰਭ ਕਰ ਦੇਵੇਗਾ। ਸ੍ਰੀ ਸਿੱਧੂ ਨੇ ਪੰਚਾਇਤਾਂ ਨੂੰ ਸਮੁੱਚੀਆਂ ਗਰਾਟਾਂ ਦੀ ਪੂਰੀ ਵਰਤੋਂ ਦੀ ਤਾਕੀਦ ਕਰਦਿਆਂ ਕੋਈ ਵਿੱਤੀ ਗੜਬੜੀ ਬਰਦਾਸ਼ਤ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ 25 ਹਜ਼ਾਰ ਨੀਲੇ ਸਮਾਰਟ ਕਾਰਡ ਬਣਾਏ ਗਏ ਹਨ। ਇੱਕ ਲੱਖ ਛੇ ਹਜ਼ਾਰ ਤੋਂ ਵੱਧ ਵਿਅਕਤੀਆਂ ਦੇ ਸਿਹਤ ਬੀਮਾ ਯੋਜਨਾ ਅਧੀਨ ਕਾਰਡ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਲੇਬਰ ਕਾਰਡ ਬਣਾ ਕੇ ਛੇ ਹਜ਼ਾਰ ਦੇ ਕਰੀਬ ਲਾਭਪਾਤਰੀਆਂ ਨੂੰ ਇੱਕ ਕਰੋੜ ਤੋਂ ਵੱਧ ਦੀ ਰਾਸ਼ੀ ਦਾ ਲਾਭ ਦਿੱਤਾ ਗਿਆ ਹੈ। ਸ਼ਗਨ ਸਕੀਮ ਅਧੀਨ 80 ਲੱਖ ਦੀ ਰਾਸ਼ੀ ਮੁਹੱਈਆ ਕਰਾਈ ਗਈ ਹੈ। ਇਸ ਮੌਕੇ ਵੱਖ ਵੱਖ ਪੰਚਾਇਤਾਂ ਵੱਲੋਂ ਸ੍ਰੀ ਸਿੱਧੂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਦੇ ਸਰਪੰਚ ਤੇ ਕਈ ਅਧਿਕਾਰੀ ਵੀ ਮੌਜੂਦ ਸਨ।

You must be logged in to post a comment Login