ਸੀਆਰਪੀਐਫ ਦੇ ਕਾਫ਼ਲੇ ’ਤੇ ਹਮਲੇ ’ਚ 42 ਜਵਾਨ ਹਲਾਕ

ਸੀਆਰਪੀਐਫ ਦੇ ਕਾਫ਼ਲੇ ’ਤੇ ਹਮਲੇ ’ਚ 42 ਜਵਾਨ ਹਲਾਕ

ਸ੍ਰੀਨਗਰ :ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਵੀਰਵਾਰ ਨੂੰ ਆਤਮਘਾਤੀ ਦਹਿਸ਼ਤੀ ਹਮਲੇ ਵਿਚ ਸੀਆਰਪੀਐਫ ਦੇ ਘੱਟੋ-ਘੱਟ 42 ਜਵਾਨ ਹਲਾਕ ਹੋ ਗਏ। ਪਿਛਲੇ ਕਈ ਸਾਲਾਂ ਦੌਰਾਨ ਇਹ ਜੰਮੂ ਕਸ਼ਮੀਰ ਵਿਚ ਸਭ ਤੋਂ ਵੱਡਾ ਅਤਿਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਜੈਸ਼-ਏ-ਮੁਹੰਮਦ ਦੇ ਅਤਿਵਾਦੀ ਨੇ ਵਿਸਫੋਟਕਾਂ ਨਾਲ ਭਰੇ ਵਾਹਨ ਦੀ ਸੁਰੱਖਿਆ ਜਵਾਨਾਂ ਨਾਲ ਭਰੀ ਬੱਸ ਨਾਲ ਟੱਕਰ ਮਾਰ ਦਿੱਤੀ।ਅਵੰਤੀਪੁਰਾ ਦੇ ਲਾਟੂਮੋੜ ’ਤੇ ਅਤਿਵਾਦੀ ਨੇ ਘਾਤ ਲਗਾ ਕੇ ਇਸ ’ਤੇ ਹਮਲਾ ਕੀਤਾ। ਪੁਲੀਸ ਨੇ ਦੱਸਿਆ ਕਿ ਗੱਡੀ ਚਲਾਉਣ ਵਾਲੇ ਆਤਮਘਾਤੀ ਅਤਿਵਾਦੀ ਦੀ ਪਛਾਣ ਆਦਿਲ ਅਹਿਮਦ ਵਾਸੀ ਕਾਕਾਪੁਰਾ ਵਜੋਂ ਹੋਈ ਹੈ ਜੋ ਪਿਛਲੇ ਸਾਲ ਹੀ ਜੈਸ਼-ਏ-ਮੁਹੰਮਦ ਵਿਚ ਭਰਤੀ ਹੋਇਆ ਸੀ। ਹਮਲੇ ਦਾ ਨਿਸ਼ਾਨਾ ਬਣੀ ਬੱਸ 76ਵੀਂ ਬਟਾਲੀਅਨ ਦੀ ਸੀ ਅਤੇ ਇਸ ਵਿਚ 39 ਸੁਰੱਖਿਆ ਕਰਮੀ ਸਵਾਰ ਸਨ। ਕਸ਼ਮੀਰ ਵਾਦੀ ਵਿਚ ਸੀਆਰਪੀਐਫ ਦੇ ਇੰਸਪੈਕਟਰ ਜਨਰਲ (ਅਪਰੇਸ਼ਨਜ਼) ਜ਼ੁਲਫ਼ਿਕਾਰ ਹਸਨ ਨੇ ਆਖਿਆ ਕਿ ਸੂਬਾਈ ਪੁਲੀਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਹਮਲਾ ਸ੍ਰੀਨਗਰ ਤੋਂ ਕਰੀਬ 30 ਕਿਲੋਮੀਟਰ ਦੂਰ ਹੋਇਆ ਅਤੇ ਮਰਨ ਵਾਲੇ ਜਵਾਨਾਂ ਦੀ ਸੰਖਿਆ ਵਧਣ ਦਾ ਅੰਦੇਸ਼ਾ ਹੈ। ਧਮਾਕੇ ਕਾਰਨ ਬੱਸ ਮਲਬੇ ਦਾ ਢੇਰ ਬਣ ਕੇ ਰਹਿ ਗਈ ਅਤੇ ਹਮਲੇ ਵਿਚ 20 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਹਮਲੇ ਵਿਚ ਕਈ ਹੋਰ ਬੱਸਾਂ ਦਾ ਵੀ ਨੁਕਸਾਨ ਹੋਇਆ ਹੈ। ਹਮਲੇ ਵਾਲੀ ਜਗ੍ਹਾ ਥਾਂ-ਥਾਂ ਮ੍ਰਿਤਕਾਂ ਦੇ ਅੰਗ ਖਿੱਲਰੇ ਪਏ ਸਨ।
ਸੀਆਰਪੀਐਫ ਦੇ ਡਾਇਰੈਕਟਰ ਜਨਰਲ ਆਰ ਆਰ ਭਟਨਾਗਰ ਨੇ ਪੀਟੀਆਈ ਨੂੰ ਦੱਸਿਆ ‘‘ ਇਹ ਬਹੁਤ ਵੱਡਾ ਕਾਫ਼ਲਾ ਸੀ ਅਤੇ ਵੱਖ ਵੱਖ ਵਾਹਨਾਂ ਵਿਚ 2500 ਦੇ ਕਰੀਬ ਸੁਰੱਖਿਆ ਕਰਮੀ ਸਫ਼ਰ ਕਰ ਰਹੇ ਸਨ। ਕਾਫ਼ਲੇ ’ਤੇ ਕੁਝ ਗੋਲੀਆਂ ਵੀ ਚਲਾਈਆਂ ਗਈਆਂ।’’ ਅਫ਼ਸਰਾਂ ਨੇ ਦੱਸਿਆ ਕਿ ਕਾਫ਼ਲਾ ਸਵੇਰੇ 3.30 ਵਜੇ ਜੰਮੂ ਤੋਂ ਰਵਾਨਾ ਹੋਇਆ ਸੀ ਅਤੇ ਸੂਰਜ ਛਿਪਣ ਤੋਂ ਪਹਿਲਾਂ ਇਸ ਨੇ ਸ੍ਰੀਨਗਰ ਪਹੁੰਚਣਾ ਸੀ। ਉਨ੍ਹਾਂ ਦੱਸਿਆ ਕਿ ਦੋ-ਤਿੰਨ ਦਿਨ ਮੀਂਹ ਤੇ ਬਰਫ਼ਬਾਰੀ ਕਾਰਨ ਕੌਮੀਮਾਰਗ ’ਤੇ ਆਵਾਜਾਈ ਬੰਦ ਹੋਣ ਕਾਰਨ ਕਸ਼ਮੀਰ ਵਾਦੀ ਮੁੜਨ ਵਾਲੇ ਸੁਰੱਖਿਆ ਕਰਮੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਆਮ ਤੌਰ ’ਤੇ ਕਿਸੇ ਕਾਫ਼ਲੇ ਵਿਚ ਸੁਰੱਖਿਆ ਕਰਮੀਆਂ ਦੀ ਗਿਣਤੀ ਹਜ਼ਾਰ ਦੇ ਕਰੀਬ ਹੁੰਦੀ ਹੈ ਪਰ ਇਸ ਕਾਫ਼ਲੇ ਵਿਚ ਕੁੱਲ 2547 ਜਵਾਨ ਸ਼ਾਮਲ ਸਨ। ਉਂਜ, ਕਾਫ਼ਲੇ ਦੇ ਨਾਲ ਰੋਡ ਓਪਨਿੰਗ ਪਾਰਟੀ ਅਤੇ ਬਖ਼ਤਰਬੰਦ ਦਹਿਸ਼ਤਗਰਦ ਵਿਰੋਧੀ ਵਾਹਨ ਵੀ ਲਾਏ ਗਏ ਸਨ। ਫੋਰੈਂਸਿਕ ਅਤੇ ਵਿਸਫ਼ੋਟਕ ਸਮੀਖਿਅਕ ਦਸਤੇ ਵਾਰਦਾਤ ਵਾਲੀ ਜਗ੍ਹਾ ਪਹੁੰਚ ਗਏ ਸਨ।

You must be logged in to post a comment Login