ਸੀਰੀਆ ਵਿਚ ਕਾਰ ਬੰਬ ਧਮਾਕਾ, 19 ਦੀ ਮੌਤ

ਸੀਰੀਆ ਵਿਚ ਕਾਰ ਬੰਬ ਧਮਾਕਾ, 19 ਦੀ ਮੌਤ

ਬੇਰੂਤ : ਸੀਰੀਆ ਵਿਚ ਬਾਗ਼ੀਆਂ ਦੇ ਕੰਟਰੋਲ ਵਾਲੇ ਏਜ਼ਾਜ਼ ਸ਼ਹਿਰ ਵਿਚ ਭੀੜ ਵਾਲੇ ਬਾਜ਼ਾਰ ਅਤੇ ਇਕ ਮਸਜਿਦ ਦੇ ਨੇੜੇ ਕੀਤੇ ਗਏ ਕਾਰ ਬੰਬ ਧਮਾਕੇ ਵਿਚ ਲਗਭਗ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਬਰਤਾਨੀਆ ਦੇ ਸੰਸਥਾ ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ ਨੇ ਕਿਹਾ ਹੈ ਕਿ ਅਲੇਪੋ ਸੂਬੇ ਵਿਚ ਤੁਰਕੀ ਦੇ ਅਸਰ ਵਾਲੇ ਏਜ਼ਾਜ਼ ਖੇਤਰ ਵਿਤ ਹੋਏ ਇਸ ਹਮਲੇ ਵਿਚ ਚਾਰ ਬੱਚੇ ਵੀ ਮਾਰੇ ਗਏ ਹਨ ਅਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਹ ਧਮਾਕਾ ਉਸ ਸਮੇਂ ਹੋਇਆ ਜਦ ਸ਼ਾਮ ਦੀ ਨਮਾਜ਼ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਮਸਜਿਦ ਤੋਂ ਬਾਹਰ ਆ ਰਹੇ ਸਨ। ਇਕ ਅਧਿਕਾਰੀ ਨੇ ਦਸਿਆ ਕਿ ਇਸ ਧਮਾਕੇ ਵਿਚ ਉਹ ਲੋਕ ਵੀ ਜ਼ਖ਼ਮੀ ਹੋਏ ਹਨ ਜੋ ਬਾਜ਼ਾਰ ਵਿਚ ਈਦ ਲਈ ਖ਼ਰੀਦਦਾਰੀ ਕਰ ਰਹੇ ਸਨ। ਹਸਪਤਾਲ ਦੇ ਇਕ ਅਧਿਕਾਰੀ ਨੇ ਦਸਿਆ ਕਿ ਧਮਾਕੇ ਵਿਚ ਮਾਰੇ ਗਏ ਵਿਅਕਤੀਆਂ ਅਤੇ ਜ਼ਖ਼ਮੀਆਂ ਦੇ ਰਿਸ਼ਤੇਦਾਰਾਂ ਨਾਲ ਹਸਪਤਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਐਮਰਜੈਂਸੀ ਕਮਰੇ ਵੀ ਪੂਰੀ ਤਰ੍ਹਾਂ ਭਰੇ ਹੋਏ ਹਨ ਜਿਸ ਕਾਰਨ ਲਾਸ਼ਾਂ ਨੂੰ ਜ਼ਮੀਨ ‘ਤੇ ਰਖਣਾ ਪਿਆ ਹੈ। ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ।

You must be logged in to post a comment Login