ਸੁਲਤਾਨਪੁਰ ਲੋਧੀ ‘ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਮਾਗਮ ਸ਼ੁਰੂ

ਸੁਲਤਾਨਪੁਰ ਲੋਧੀ ‘ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਮਾਗਮ ਸ਼ੁਰੂ

ਸੁਲਤਾਨਪੁਰ ਲੋਧੀ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਰਕਾਰੀ ਸਮਾਗਮ ਪੰਜਾਬ ਸਰਕਾਰ ਵਲੋਂ ਪਵਿੱਤਰ ਕਾਲੀ ਵੇਈਂ ਕੰਢੇ ਸਥਾਪਤ ਕੀਤੇ ਮੁੱਖ ਪੰਡਾਲ ਦੇ ‘ਗੁਰੂ ਨਾਨਕ ਦਰਬਾਰ’ ‘ਚ ਅੱਜ ਸ੍ਰੀ ਸਹਿਜ ਪਾਠ ਨਾਲ ਆਰੰਭ ਕਰਵਾਏ ਗਏ। ਇਨ੍ਹਾਂ ਪਾਠਾਂ ਦੇ ਭੋਗ 12 ਨਵੰਬਰ ਨੂੰ ਪਾਏ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀਆਂ ਅਤੇ ਵੱਡੀ ਗਿਣਤੀ ‘ਚ ਵਿਧਾਇਕ, ਸੰਤ ਮਹਾਂਪੁਰਸ਼ ਅਤੇ ਹਜ਼ਾਰਾਂ ਸੰਗਤਾਂ ਨੇ ਆਰੰਭਤਾ ਸਮਾਗਮ ਮੌਕੇ ਸ਼ਮੂਲੀਅਤ ਕੀਤੀ।ਇਸ ਮੌਕੇ ਕੈਪਟਨ ਨੇ ਸੰਗਤਾਂ ਨੂੰ ਸੰਬੋਧਤ ਕਰਦਿਆਂ ਕਿਹਾ, “ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਰੱਲ-ਮਿਲ ਕੇ ਮਨਾ ਰਹੇ ਹਾਂ ਅਤੇ ਸਾਡਾ ਰਹਿੰਦੀ ਜ਼ਿੰਦਗੀ ਤਕ ਇਹ ਫ਼ਰਜ਼ ਹੋਣਾ ਚਾਹੀਦਾ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ, ਸਿਧਾਂਤਾਂ ਦਾ ਚਾਨਣ ਪੂਰੀ ਦੁਨੀਆਂ ‘ਚ ਫੈਲਾਈਏ।”ਉਨ੍ਹਾਂ ਕਿਹਾ, “ਅੱਜ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ ਕਿ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਮੈਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਮਾਗਮਾਂ ਦੀ ਤਿਆਰੀ ਕਰਨ ਦਾ ਮੌਕਾ ਮਿਲਿਆ। ਸੁਲਤਾਨਪੁਰ ਲੋਧੀ ਵਿਖੇ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ, ਸੰਗਤਾਂ ਦੇ ਨੂਰਾਨੀ ਚਹਿਰੇ ਤੇ ਉਨ੍ਹਾਂ ਵਿਚ ਵਸਦੇ ਬਾਬਾ ਨਾਨਕ ਜੀ, ਦੇਖ ਕੇ ਮਨ ਖੁਸ਼ ਹੋ ਗਿਆ।”ਜ਼ਿਕਰਯੋਗ ਹੈ ਕਿ ਕੌਮਾਂਤਰੀ ਨਗਰ ਕੀਰਤਨ ਅੱਜ ਸਵੇਰੇ ਸੁਲਤਾਨਪੁਰ ਲੋਧੀ ਵਿਖੇ ਪੁੱਜ ਕੇ ਸੰਪੰਨ ਹੋਇਆ। ਇਥੇ ਪਾਰਕਿੰਗ ਲਈ 200 ਏਕੜ ਦੇ ਵਿਸ਼ਾਲ ਸਥਾਨ ਦਾ ਇੰਤਜ਼ਾਮ ਕੀਤਾ ਗਿਆ ਹੈ ਕਿਉਂਕਿ ਇੱਥੇ ਪੁੱਜਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲੱਖਾਂ ’ਚ ਹੈ ਤੇ ਅਗਲੇ ਕੁਝ ਦਿਨਾਂ ਤਕ ਇਹ ਗਿਣਤੀ ਨਿਰੰਤਰ ਵਧਦੀ ਰਹੇਗੀ।ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਮੁੱਖ ਮੰਤਰੀ ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਤੇ ਆਧਾਰਤ ਪ੍ਰਦਰਸ਼ਨੀਆਂ ਦਾ ਉਦਘਾਟਨ ਕਰਨਗੇ। ਪੰਜਾਬ ਦੇ ਸੈਰ–ਸਪਾਟਾ ਵਿਭਾਗ ਨੇ ਗੁਰੂ ਸਾਹਿਬ ਦੇ ਜੀਵਨ ਉੱਤੇ ਇਕ ਪ੍ਰਦਰਸ਼ਨੀ ਲਗਾਉਣੀ ਹੈ। ਇਥੇ ਇਕ ਐਨਜੀਓ (ਗ਼ੈਰ–ਸਰਕਾਰੀ ਸੰਗਠਨ) ਪੰਜਾਬ ਡਿਜੀਟਲ ਲਾਇਬਰੇਰੀ ਦੇ ਕਿਊਰੇਟਰ ‘ਗੁਰੂ ਨਾਨਕ ਸਾਹਿਬ: ਪ੍ਰਕਾਸ਼ ਤੇ ਪ੍ਰੇਮ’ ਨਾਂਅ ਦੀ ਪ੍ਰਦਰਸ਼ਨੀ ਲਾਉਣਗੇ।

You must be logged in to post a comment Login