ਸੁਲਤਾਨਪੁਰ ਲੋਧੀ ਦੀ ਧਰਤੀ ‘ਤੇ ਨਵਜੋਤ ਸਿੱਧੂ ਅਤੇ ਇਮਰਾਨ ਖਾਨ ਜ਼ਿੰਦਾਬਾਦ ਦੇ ਲੱਗੇ ਨਾਅਰੇ…

ਸੁਲਤਾਨਪੁਰ ਲੋਧੀ ਦੀ ਧਰਤੀ ‘ਤੇ ਨਵਜੋਤ ਸਿੱਧੂ ਅਤੇ ਇਮਰਾਨ ਖਾਨ ਜ਼ਿੰਦਾਬਾਦ ਦੇ ਲੱਗੇ ਨਾਅਰੇ…

ਸੁਲਤਾਨਪੁਰ ਲੋਧੀ: 9 ਨਵੰਬਰ ਯਾਨੀ ਕਿ ਉਹ ਇਤਿਹਾਸਕ ਦਿਨ ਜਦੋਂ ਭਾਰਤ ਅਤੇ ਪਾਕਿਸਤਾਨ ਦੋ ਮੁਲਕ ਇਕ ਹੋਣ ਵਾਲੇ ਹਨ ਅਤੇ ਸਿੱਖਾਂ ਦੀ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਅਰਦਾਸ ਪੂਰੀ ਹੋਣ ਵਾਲੀ ਹੈ। ਕਰਤਾਰਪੁਰ ਲਾਂਘਾ ਖੁੱਲ੍ਹਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਮੌਕੇ ‘ਤੇ ਸਪੋਕਸਮੈਨ ਟੀਵੀ ਦੀ ਟੀਮ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਰਿਪੋਰਟਿੰਗ ਕੀਤੀ ਗਈ।ਸਪੋਕਸਮੈਨ ਟੀਵੀ ਵੱਲੋਂ ਇਸ ਮੌਕੇ ‘ਤੇ ਸਿੱਖ ਸੰਗਤਾਂ ਨਾਲ ਖ਼ਾਸ ਗੱਲਬਾਤ ਕੀਤੀ ਗਈ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਸਮੂਹ ਸਿੱਖ ਸੰਗਤ ਕਰਤਾਰਪੁਰ ਲਾਂਘੇ ਨੂੰ ਖੁੱਲ੍ਹਵਾਉਣ ਲਈ ‘ਅਸਲੀ ਹੀਰੋ’ ਕਿਸ ਨੂੰ ਮੰਨਦੀ ਹੈ।ਇਸ ਦੌਰਾਨ ਅੰਮ੍ਰਿਤਸਰ ਦੇ ਰਹਿਣ ਵਾਲੇ ਜਸਪਾਲ ਸਿੰਘ ਨੇ ਕਿਹਾ ਕਿ ਉਹ ਭਾਰਤ ਵੱਲੋਂ ਨਵਜੋਤ ਸਿੱਧੂ ਅਤੇ ਪਾਕਿਸਤਾਨ ਵੱਲੋਂ ਇਮਰਾਨ ਖ਼ਾਨ ਨੂੰ ‘ਅਸਲੀ ਹੀਰੋ’ ਮੰਨਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਵਿਚ ਸਰਕਾਰਾਂ ਦਾ ਕੁੱਝ ਖ਼ਾਸ ਹੱਥ ਨਹੀਂ ਹੈ। ਇਕ ਹੋਰ ਨੌਜਵਾਨ ਨੇ ਵੀ ਇਹੀ ਕਿਹਾ ਕਿ ਉਹ ਵੀ ਇਸ ਉਪਰਾਲੇ ਦੇ ਅਸਲ ਹੀਰੋ ਸਿੱਧੂ ਅਤੇ ਇਮਰਾਨ ਖ਼ਾਨ ਨੂੰ ਮੰਨਦੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰਾਂ ਨੇ ਵੀ ਇਸ ਸਬੰਧੀ ਅਪਣਾ ਫਰਜ਼ ਨਿਭਾਇਆ ਹੈ।ਇਸ ਸਬੰਧੀ ਬਜ਼ੁਰਗਾਂ ਨਾਲ ਵੀ ਗੱਲਬਾਤ ਕੀਤੀ ਗਈ। ਸੁੱਚਾ ਸਿੰਘ ਨਾਂਅ ਦੇ ਇਕ ਬਜ਼ੁਰਗ ਨੇ ਕਿਹਾ ਕਿ ਉਹ ਕਰਤਾਰਪੁਰ ਲਾਂਘੇ ਦਾ ਅਸਲ ਹੀਰੋ ਬਾਬੇ ਨਾਨਕ ਨੂੰ ਮੰਨਦੇ ਹਨ। ਉਹਨਾਂ ਕਿਹਾ ਕਿ ਸਿੱਖਾਂ ਦੀ ਅਰਦਾਸ ਬਾਬੇ ਨਾਨਕ ਵੱਲੋਂ ਪ੍ਰਵਾਨ ਕੀਤੀ ਗਈ ਹੈ। ਇਕ ਹੋਰ ਵਿਅਕਤੀ ਨੇ ਕਿਹਾ ਕਿ ਸਰਕਾਰਾਂ ਨਵਜੋਤ ਸਿੰਘ ਸਿੱਧੂ ਦੀਆਂ ਪੈੜਾਂ ‘ਤੇ ਚੱਲ ਰਹੀਆਂ ਹਨ ਅਤੇ ਕਰਤਾਰਪੁਰ ਲਾਂਘੇ ਦਾ ਸਿਹਰਾ ਤਾਂ ਸਿੱਧੂ ਨੂੰ ਹੀ ਜਾਂਦਾ ਹੈ। ਇਸ ਇਤਿਹਾਸਕ ਮੌਕੇ ‘ਤੇ ਨਾਸਿਕ ਤੋਂ ਵੀ ਸਿੱਖ ਸੰਗਤ ਨੇ ਸ਼ਮੂਲੀਅਤ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਵਿਚ ਸਾਰਿਆਂ ਦਾ ਹੀ ਸਹਿਯੋਗ ਹੈ ਚਾਹੇ ਉਹ ਭਾਰਤ ਸਰਕਾਰ ਹੈ ਜਾਂ ਪਾਕਿਸਤਾਨ ਸਰਕਾਰ।

You must be logged in to post a comment Login