ਸੁੱਖੀ ਰੰਧਾਵੇ ਨੂੰ ਧਾਰਮਿਕ ਸਜਾ ਦਵਾਉਣ ਲਈ ਸਿੱਖ ਜਥੇਬੰਦੀਆਂ ਨੇ ਖੋਲ੍ਹਿਆ ਮੋਰਚਾ

ਸੁੱਖੀ ਰੰਧਾਵੇ ਨੂੰ ਧਾਰਮਿਕ ਸਜਾ ਦਵਾਉਣ ਲਈ ਸਿੱਖ ਜਥੇਬੰਦੀਆਂ ਨੇ ਖੋਲ੍ਹਿਆ ਮੋਰਚਾ

ਜਲੰਧਰ: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ‘ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ਼ ਕਾਰਵਾਈ ਲਈ ਦਬਾਅ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਰੰਧਾਵਾ ਖ਼ਿਲਾਫ਼ ਅੱਧਾ ਦਰਜਨ ਤੋਂ ਵੱਧ ਸਿੱਖ ਜਥੇਬੰਦੀਆਂ ਨੇ ਮੋਰਚਾ ਖੋਲ੍ਹ ਦਿੱਤਾ। ਗੁਰਦਾਸਪੁਰ ‘ਚ ਵੀ ਸਿੱਖ ਜਥੇਬੰਦੀਆਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਗ੍ਰਿਫ਼ਤਾਰੀ ਦੀ ਮੰਗ ਕੀਤੀ। ਐੱਸਜੀਪੀਸੀ, ਡੀਐੱਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਰੰਧਾਵਾ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅੰਮ੍ਰਿਤਸਰ ‘ਚ ਸੋਮਵਾਰ ਨੂੰ ਲਗਪਗ ਅੱਧਾ ਦਰਜਨ ਦੇ ਕਰੀਬ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ‘ਚ ਅਧਿਕਾਰੀਆਂ ਨੂੰ ਰੰਧਾਵਾ ਖ਼ਿਲਾਫ ਮੰਗ ਪੱਤਰ ਸੌਂਪਿਆ ਤੇ ਮੰਗ ਕੀਤੀ ਕਿ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕਰਕੇ ਉਸ ‘ਤੇ ਕਾਰਵਾਈ ਕਰਵਾਈ ਜਾਵੇ। ਜੱਥਾ ਸਿਰ ਲੱਖ ਖ਼ਾਲਸਾ, ਅਕਾਲ ਖ਼ਾਲਸਾ ਦਲ, ਬਾਬਾ ਬੁੱਢਾ ਜੀ ਸਭਾ, ਗੁਰਮਤਿ ਗ੍ਰੰਥੀ ਸਭਾ, ਬਾਬਾ ਦੀਪ ਸਿੰਘ ਸ਼੍ਰੋਮਣੀ ਗੱਤਕਾ ਅਖਾੜਾ, ਦਸ਼ਮੇਸ਼ ਤਰਨਾ ਦਲ, ਜੱਥਾ 6 ਜੂਨ, ਬਾਬਾ ਬਾਜ਼ ਸਿੰਘ ਮਿਸਲ ਦੇ ਅਹੁਦੇਦਾਰ ਬਾਬਾ ਨਾਰਾਇਣ ਸਿੰਘ, ਸੁਰਿੰਦਰਪਾਲ ਸਿੰਘ, ਸਰਬਜੀਤ ਸਿੰਘ, ਹਰਪਾਲ ਸਿੰਘ, ਸਰਦੂਲ ਸਿੰਘ, ਭੁਪਿੰਦਰ ਸਿੰਘ, ਸੁਖਵੰਤ ਸਿੰਘ, ਹਰਕੀਰਤਰ ਸਿੰਘ, ਸਤਨਾਮ ਸਿੰਘ ਅਕਾਲੀ, ਅਮਰਜੀਤ ਸਿੰਘ, ਪਰਮਜੀਤ ਸਿੰਘ ਅਕਾਲੀ, ਤੇ ਦਿਲਬਾਗ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੰਗ ਪੱਤਰ ਸੌਂਪਣ ਤੋਂ ਬਾਅਦ ਕਿਹਾ ਕਿ ਰੰਧਾਵਾ ਨੇ ਗੁਰੂ ਨਾਨਕ ਦੇਵ ਜੀ ਨਾਲ ਸੀਐੱਮ ਦੀ ਤੁਲਨਾ ਕਰਕੇ ਸਿੱਖ ਕੌਮ ਨੂੰ ਡੂੰਘੀ ਸੱਟ ਪਹੁੰਚਾਈ ਹੈ। ਗੁਰਦਾਸਪੁਰ ‘ਚ ਸਿੱਖ ਜਥੇਬੰਦੀਆਂ ਨੇ ਡੀਐੱਸਪੀ ਹੈਡਕੁਆਰਟਰ ਰਾਜੇਸ਼ ਕੱਕੜ ਨੂੰ ਸ਼ਿਕਾਇਤ ਦੇ ਕੇ ਧਾਰਾ 295ਏ ਤਹਿਤ ਮਾਮਲਾ ਦਰਜ ਕਰਕੇ ਰੰਧਾਵਾ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ। ਜਥੇਦਾਰ ਸਤਨਾਮ ਸਿੰਘ ਸੂਚ ਨੇ ਕਿਹਾ ਕਿ ਜੇਕਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਸੂਬਾ ਪੱਧਰੀ ਸੰਘਰਸ਼ ਕੀਤਾ ਜਾਵੇਗਾ।
ਦਮਦਮੀ ਟਕਸਾਲ ਦੇ ਪ੍ਰਮੁੱਖ ਅਤੇ ਸੰਤ ਸਮਾੰਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਗੁਰੂ ਨਾਨਕ ਦੇਵ ਦੇ ਬਾਰੇ ਕੈਬਨਿਟ ਮੰਤਰਾ ਸੁਖਜਿੰਦਰ ਸਿੰਘ ਰੰਧਾਵਾ ਦੀ ਵਾਇਰਲ ਹੋਈ ਵੀਡੀਓ ਪ੍ਰਤੀ ਟਿਪਣੀ ਕਰਦੇ ਹੋਏ ਇਸਨੂੰ ਨਿੰਦਣਯੋਗ ਕਰਾਰ ਦਿੱਤਾ ਹੈ। ਪ੍ਰੋ. ਸਰਚੰਦ ਸਿੰਘ ਵੱਲੋਂ ਜਾਰੀ ਬਿਆਨ ਵਿਚ ਦਮਦਮੀ ਟਕਸਾਲ ਦੇ ਪ੍ਰਮੁੱਖ ਨੇ ਮੰਤਰੀ ਰੰਧਾਵਾ ਨੂੰ ਸਲਾਹ ਦਿੱਤੀ ਕਿ ਜੇਕਰ ਉਨ੍ਹਾਂ ਤੋਂ ਗੁਰੂ ਸਾਹਿਬ ਪ੍ਰਤੀ ਭੁੱਲ ਕੇ ਕੋਈ ਅਜਿਹੀ ਗੁਸਤਾਖੀ ਹੋ ਗਈ ਹੈ ਤਾਂ ਉਸ ਭੁੱਲ ਪ੍ਰਤੀ ਭੁੱਲ ਕਰਦੇ ਹੋਏ ਗੁਰੂ ਪੰਥ ਤੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ।

You must be logged in to post a comment Login