ਸੂਬੇ ’ਚ 2309 ਖੁੱਲ੍ਹੇ ਬੋਰਵੈੱਲ ਕੀਤੇ ਬੰਦ : ਪੰਨੂੰ

ਸੂਬੇ ’ਚ 2309 ਖੁੱਲ੍ਹੇ ਬੋਰਵੈੱਲ ਕੀਤੇ ਬੰਦ : ਪੰਨੂੰ

ਚੰਡੀਗੜ੍ਹ : ਸੂਬੇ ਵਿਚ ਖੁੱਲ੍ਹੇ ਬੋਰਵੈੱਲਾਂ ਨੂੰ ਬੰਦ ਕਰਨ ਸਬੰਧੀ ਵਿਭਿੰਨ ਖੇਤਰੀ ਵਿਭਾਗਾਂ ਦੀ ਸਹਾਇਤਾ ਲੈਣ ਦੀ ਪ੍ਰਕਿਰਿਆ ਵਧੇਰੇ ਸਫ਼ਲ ਰਹੀ ਹੈ ਜਿਸ ਦੇ ਚੱਲਦਿਆਂ ਸੂਬੇ ਵਿਚ 2309 ਖੁੱਲ੍ਹੇ ਬੋਰਵੈੱਲ ਸਫ਼ਲਤਾਪੂਰਵਕ ਬੰਦ ਕੀਤੇ ਗਏ ਹਨ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਕੇ.ਐਸ. ਪੰਨੂੰ ਨੇ ਦਿਤੀ। ਪੰਨੂੰ ਨੇ ਦੱਸਿਆ ਕਿ ਹੁਣ ਤੱਕ ਮਿਲੀਆਂ ਰਿਪੋਰਟਾਂ ਮੁਤਾਬਕ ਪਹਿਚਾਣ ਕੀਤੇ 2333 ਖੁੱਲ੍ਹੇ ਬੋਰਵੈੱਲਾਂ ਵਿਚੋਂ 2309 ਨੂੰ ਬੰਦ ਕਰ ਦਿਤਾ ਗਿਆ ਹੈ। ਇਨ੍ਹਾਂ ਖੁੱਲ੍ਹੇ ਬੋਰਵੈੱਲਾਂ ਵਿਚੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖੇਤੀਬਾੜੀ ਵਿਭਾਗ ਦੀ ਸਹਾਇਤਾ ਨਾਲ 1397, ਟਿਊਬਵੈੱਲ ਕਾਰਪੋਰੇਸ਼ਨ ਵਲੋਂ 553 ਅਤੇ ਸਿੰਚਾਈ ਵਿਭਾਗ ਵਲੋਂ 359 ਬੋਰਵੈੱਲਾਂ ਦੀ ਪਹਿਚਾਣ ਕੀਤੀ ਗਈ ਹੈ। ਜ਼ਿਲ੍ਹਾ-ਵਾਰ ਰਿਪੋਰਟਾਂ ਅਨੁਸਾਰ ਸੰਗਰੂਰ ਵਿਚ 419, ਅੰਮ੍ਰਿਤਸਰ ਵਿਚ 319, ਬਠਿੰਡਾ ਵਿਚ 131, ਐਸ.ਏ.ਐਸ. ਨਗਰ ਵਿਚ 123 ਅਤੇ ਮਾਨਸਾ ਵਿਚ 110 ਖੁੱਲ੍ਹੇ ਬੋਰਵੈੱਲ ਬੰਦ ਕੀਤੇ ਗਏ ਹਨ। ਹੁਣ ਤੱਕ ਕੀਤੇ ਗਏ ਕੰਮ ਪ੍ਰਤੀ ਤਸੱਲੀ ਜ਼ਾਹਰ ਕਰਦਿਆਂ ਪੰਨੂੰ ਨੇ ਕਿਹਾ ਕਿ ਵਿਭਿੰਨ ਵਿਭਾਗਾਂ ਦੇ ਫੀਲਡ ਸਟਾਫ਼ ਦੇ ਸਹਿਯੋਗ ਨਾਲ ਕੁਝ ਦਿਨਾਂ ਦੇ ਅੰਦਰ ਹੀ 2,000 ਤੋਂ ਜ਼ਿਆਦਾ ਖੁੱਲ੍ਹੇ ਬੋਰਵੈੱਲ ਸਫ਼ਲਤਾਪੂਰਵਕ ਬੰਦ ਕੀਤੇ ਗਏ ਹਨ, ਜੋ ਕਿ ਸਭਨਾਂ ਦੁਆਰਾ ਕੀਤੇ ਗਏ ਠੋਸ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕੰਮ ਇੱਥੇ ਹੀ ਖ਼ਤਮ ਨਹੀਂ ਹੋਇਆ, “ਸਾਡੇ ਵਲੋਂ ਅਜਿਹੇ ਖੁੱਲ੍ਹੇ ਪਏ ਬੋਰਵੈੱਲਾਂ ਦੀ ਪਹਿਚਾਣ ਜਾਰੀ ਹੈ, ਜਿਨ੍ਹਾਂ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 13 ਜੂਨ ਨੂੰ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਖੁੱਲ੍ਹੇ ਪਏ ਬੋਰਵੈੱਲਾਂ ਦਾ ਬੰਦ ਹੋਣਾ ਯਕੀਨੀ ਬਣਾਉਣ ਲਈ ਪੱਤਰ ਲਿਖਿਆ ਗਿਆ ਸੀ। ਜੋ ਵਿਅਕਤੀ ਅਜਿਹੇ ਬੋਰਵੈੱਲ 1 ਮਹੀਨੇ ਦੇ ਸਮੇਂ ਅੰਦਰ ਬੰਦ ਨਹੀਂ ਕਰਦਾ ਉਸ ਵਿਰੁਧ ਅਪਰਾਧਕ ਕਾਰਵਾਈ ਕਰਨ ਸਬੰਧੀ ਪ੍ਰਸਤਾਵਨਾ ਵੀ ਕੀਤੀ ਗਈ ਸੀ। ਅਜਿਹੇ ਖੁੱਲ੍ਹੇ ਪਏ ਬੋਰਵੈੱਲਾਂ ਵਿਚ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਹੋਣ ਦੀ ਸੂਰਤ ਵਿਚ ਇੰਡੀਅਨ ਪੈਨਲ ਕੋਡ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਜ਼ਮੀਨ ਦੇ ਮਾਲਕ ਵਿਰੁਧ ਐਫ.ਆਈ.ਆਰ. ਦਰਜ ਕਰਵਾ ਕੇ ਜੁਰਮਾਨਾ ਕਰਵਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੂਚਨਾ ਦੀ ਪੜਤਾਲ ਤੋਂ ਬਾਅਦ ਸੂਹ ਦੇਣ ਵਾਲੇ ਨੂੰ 5000 ਰੁਪਏ ਦਾ ਇਨਾਮ ਵੀ ਦਿਤਾ ਜਾਵੇਗਾ।

You must be logged in to post a comment Login