ਸ੍ਰੀ ਨਨਕਾਣਾ ਸਾਹਿਬ ’ਚ ਸ਼ਰਧਾਲੂਆਂ ਦੇ ਠਹਿਰਨ ਲਈ ਬਣੀ ਟੈਂਟ ਸਿਟੀ

ਸ੍ਰੀ ਨਨਕਾਣਾ ਸਾਹਿਬ ’ਚ ਸ਼ਰਧਾਲੂਆਂ ਦੇ ਠਹਿਰਨ ਲਈ ਬਣੀ ਟੈਂਟ ਸਿਟੀ

ਲਾਹੌਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸਾਰੇ ਪਾਸੇ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ, ਜਿਸ ਤਰ੍ਹਾਂ ਭਾਰਤੀ ਪੰਜਾਬ ਦੇ ਸੁਲਤਾਨਪੁਰ ਲੋਧੀ ਵਿਖੇ ਸ਼ਰਧਾਲੂਆਂ ਦੇ ਠਹਿਰਨ ਲਈ ਪੰਜਾਬ ਸਰਕਾਰ ਵੱਲੋਂ ਵਿਸ਼ਾਲ ਟੈਂਟ ਸਿਟੀਜ਼ ਦਾ ਨਿਰਮਾਣ ਕਰਵਾਇਆ ਗਿਆ ਹੈ, ਉਸੇ ਤਰ੍ਹਾਂ ਬਾਬੇ ਨਾਨਕ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਵੀ ਪਾਕਿਸਤਾਨ ਸਰਕਾਰ ਵੱਲੋਂ ਟੈਂਟ ਸਿਟੀ ਦਾ ਨਿਰਮਾਣ ਕਰਵਾਇਆ ਗਿਆ ਹੈ ਤਾਂ ਜੋ ਆਉਣ ਵਾਲੇ ਸੰਗਤ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਾਕਿਸਤਾਨ ਸਰਕਾਰ ਵੱਲੋਂ ਇਸ ਟੈਂਟ ਸਿਟੀ ਨੂੰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਮਹਿਜ਼ ਪੰਜ ਮਿੰਟ ਦੀ ਦੂਰੀ ’ਤੇ ਬਣਾਇਆ ਗਿਆ ਹੈ ਤਾਂ ਜੋ ਸੰਗਤ ਨੂੰ ਗੁਰਦੁਆਰਾ ਸਾਹਿਬ ਵਿਚ ਆਉਣ ਜਾਣ ਦੀ ਆਸਾਨੀ ਹੋਵੇ। ਟੈਂਟ ਸਿਟੀ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। 15 ਬਾਈ 12 ਦੇ ਖੁੱਲ੍ਹੇ ਕਮਰੇ ਟੈਂਟ ਸਿਟੀ ਦੇ ਅੰਦਰ ਬਣਾਏ ਗਏ ਹਨ, ਜਿਸ ਦੇ ਅੰਦਰ ਸ਼ਰਧਾਲੂਆਂ ਦੇ ਸੌਣ ਲਈ ਗੱਦੇ, ਚਾਦਰਾਂ ਅਤੇ ਸਿਰਾਣਿਆਂ ਤੋਂ ਇਲਾਵਾ ਟੇਬਲ ਅਤੇ ਕੁਰਸੀਆਂ ਦਾ ਸਮੇਤ ਹੋਰ ਕੁੱਝ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਟੈਂਟ ਸਿਟੀ ਦੇ ਵਿਚਕਾਰ ਅੰਦਰ ਵਾਲੇ ਪਾਸੇ ਇਕ ਲਾਬੀ ਬਣਾਈ ਗਈ ਹੈ ਜਿਸ ਵਿਚ ਇੱਥੇ ਠਹਿਰਨ ਵਾਲੇ ਸ਼ਰਧਾਲੂਆਂ ਲਈ ਕੰਟੀਨ ਬਣਾਈ ਜਾਵੇਗੀ, ਜਿੱਥੋਂ ਸੰਗਤਾਂ ਸਵੇਰ ਵੇਲੇ ਬਰੈੱਡ-ਚਾਹ ਲੈ ਸਕਣੀਆਂ। ਟੈਂਟ ਸਿਟੀ ਦਾ ਸਾਰਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਹੈ ਕਿਉਂਕਿ 1 ਨਵੰਬਰ ਤੋਂ ਹੀ ਸੰਗਤਾਂ ਦੇ ਇੱਥੇ ਪੁੱਜਣ ਦੀ ਉਮੀਦ ਹੈ।

You must be logged in to post a comment Login