ਹਾਕੀ ਟੂਰਨਾਮੈਂਟ : ਹਰਦੀਪ ਸਿੰਘ ਨੇ ਲਾਇਆ ਵਿਰੋਧੀ ਟੀਮ ਦੇ ਖਿਡਾਰੀ ‘ਤੇ ਕੁੱਟਮਾਰ ਦਾ ਦੋਸ਼

ਹਾਕੀ ਟੂਰਨਾਮੈਂਟ : ਹਰਦੀਪ ਸਿੰਘ ਨੇ ਲਾਇਆ ਵਿਰੋਧੀ ਟੀਮ ਦੇ ਖਿਡਾਰੀ ‘ਤੇ ਕੁੱਟਮਾਰ ਦਾ ਦੋਸ਼

ਜਲੰਧਰ – ਪਿਛਲੇ ਕੁਝ ਦਿਨਾਂ ਪਹਿਲਾਂ ਨਹਿਰੂ ਸੀਨੀਅਰ ਹਾਕੀ ਟੂਰਨਾਮੈਂਟ ਦੇ ਦੌਰਾਨ ਦਿੱਲੀ ਦਾ ਹਾਕੀ ਸਟੇਡੀਅਮ ਜੰਗ ਦੇ ਮੈਦਾਨ ‘ਚ ਤਬਦੀਲ ਹੋ ਗਿਆ ਸੀ ਜਿਸ ‘ਚ ਕਈ ਖਿਡਾਰੀ ਜ਼ਖ਼ਮੀ ਹੋਏ ਸਨ। ਪੰਜਾਬ ਪੁਲਸ ਦੇ ਜ਼ਖ਼ਮੀ ਹਾਕੀ ਖਿਡਾਰੀ ਹਰਦੀਪ ਸਿੰਘ ਨੇ ਕਿਹਾ ਕਿ ਇਹ ਵਿਵਾਦ ਇਕ ਨਸਲੀ ਟਿੱਪਣੀ ਕਾਰਨ ਹੋਇਆ ਸੀ। ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਹਰਦੀਪ ਸਿੰਘ ਪੰਜਾਬ ਪੁਲਸ ‘ਚ ਕਾਂਸਟੇਬਲ ਹਨ ਅਤੇ ਉਹ ਪੰਜਾਬ ਪੁਲਸ ਵੱਲੋਂ ਹਾਕੀ ਖੇਡਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮੈਚ ‘ਚ ਡਿਫੈਂਸ ਕਰ ਰਹੇ ਸਨ। ਹਰਦੀਪ ਨੇ ਕਿਹਾ ਕਿ ਪਹਿਲਾਂ ਵੀ ਪੰਜਾਬ ਨੈਸ਼ਨਲ ਬੈਂਕ ਨਾਲ ਇਕ ਮੈਚ ਹੋਇਆ ਸੀ ਜਿਸ ‘ਚ ਉਸ ਦੇ ਫਾਰਵਰਡ ਖਿਡਾਰੀ ਸੁਮਿਤ ਟੋਪੀ ਨੇ ਉਨ੍ਹਾਂ ‘ਤੇ ਨਸਲੀ ਟਿੱਪਣੀ ਕੀਤੀ ਅਤੇ ਫਾਈਨਲ ਮੈਚ ‘ਚ ਵੀ ਮੁੜ ਨਸਲੀ ਟਿੱਪਣੀ ਕੀਤੀ। ਇਸ ਤੋਂ ਬਾਅਦ ਉਸ ‘ਤੇ ਹਾਕੀ ਸਟਿਕ ਵੀ ਮਾਰੀ ਜਿਸ ਤੋਂ ਬਾਅਦ ਮਾਹੌਲ ਵਿਗੜ ਹੋ ਗਿਆ। ਹਰਦੀਪ ਨੇ ਕਿਹਾ ਕਿ ਜਦੋਂ ਉਸ ਦੇ ਸਿਰ ‘ਤੇ ਹਾਕੀ ਲੱਗੀ ਤਾਂ ਉਸ ਨੂੰ ਕੋਈ ਹੋਸ਼ ਨਹੀਂ ਰਿਹਾ। ਇਸ ਤੋਂ ਬਾਅਦ ਉਨ੍ਹਾਂ ਨੂੰ ਐਂਬੁਲੈਂਸ ‘ਚ ਪਾ ਕੇ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਿਰ ‘ਤੇ 5 ਟਾਂਕੇ ਲੱਗੇ ਹਨ ਅਤੇ ਪਿੱਠ ‘ਤੇ ਵੀ ਸੱਟਾਂ ਹਨ। ਇੱਥੇ ਜ਼ਿਕਰਯੋਗ ਹੈ ਕਿ ਜ਼ਖਮੀ ਹਰਦੀਪ ਸਿੰਘ ਦੇ ਨਾਲ ਅਮਰਜੀਤ ਸਿੰਘ ਜੌਨ ਦੋਹਾਂ ਨੂੰ ਹਾਕੀ ਇੰਡੀਆ ਵੱਲੋਂ ਅਸਥਾਈ ਤੌਰ ‘ਤੇ ਬੈਨ ਲਾਇਆ ਗਿਆ ਹੈ ਅਤੇ ਨਹਿਰੂ ਟੂਰਨਾਮੈਂਟ ਵੱਲੋਂ ਪੰਜਾਬ ਪੁਲਸ ਦੇ ਤਿੰਨ ਖਿਡਾਰੀ ਹਰਦੀਪ ਸਿੰਘ, ਕੰਵਰਜੀਤ ਸਿੰਘ, ਜਗਮੀਤ ਸਿੰਘ ਟੀਮ ਦੇ ਸੀਨੀਅਰ ਮੈਨੇਜਰ ਐੱਸ. ਆਈ. ਅਮਿਤ ਅਤੇ ਪੀ. ਐੱਨ. ਬੀ. ਟੀਮ ਦੇ ਦੋ ਖਿਡਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਉੱਥੇ ਮੌਜੂਦ ਮੈਂਬਰਾਂ ਨਾਲ ਗੱਲਬਾਤ ਦੇ ਬਾਅਦ ਹੀ ਖਿਡਾਰੀਆਂ ‘ਤੇ ਕਾਰਵਾਈ ਕੀਤੀ ਜਾਵੇਗੀ।

You must be logged in to post a comment Login