ਹੋਰ ਵਧੀਆਂ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ, ਪੰਥਕ ਜਥੇਬੰਦੀਆਂ ਵਲੋਂ ਬਾਈਕਾਟ

ਹੋਰ ਵਧੀਆਂ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ, ਪੰਥਕ ਜਥੇਬੰਦੀਆਂ ਵਲੋਂ ਬਾਈਕਾਟ

ਬਠਿੰਡਾ : ਚੁਫੇਰਿਓਂ ਘਿਰੇ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬਠਿੰਡਾ ਵਿਚ ਸੋਮਵਾਰ ਨੂੰ ਪੰਥਕ ਜਥੇਬੰਦੀਆਂ ਨੇ ਇੱਕਜੁੱਟ ਹੋ ਕੇ ਬਾਦਲ ਪਰਿਵਾਰ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਕੀਤੀ ਗਈ ਇਸ ਪ੍ਰੈੱਸ ਕਾਨਫ਼ਰੰਸ ਵਿਚ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਇਨਸਾਫ਼ ਦੀ ਥਾਂ ਹਮੇਸ਼ਾ ਭੱਜਣ ਦੀ ਰਣਨੀਤੀ ਅਪਨਾਈ ਹੈ। ਹੁਣ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਡਰਾਮਾ ਕਰ ਰਿਹਾ ਹੈ। ਜੇਕਰ ਉਸ ਵਿਚ ਥੋੜੀ ਵੀ ਅਣਖ ਹੈ ਤਾਂ ਉਹ ਅਸਤੀਫਾ ਦੇ ਦੇਵੇ। ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਾਉਣ ਬਾਰੇ ਨੰਦਗੜ੍ਹ ਨੇ ਕਿਹਾ ਕਿ ਇਹ ਸਭ ਮਿਲੀਭੁਗਤ ਨਾਲ ਹੋਇਆ ਹੈ।
ਇਸ ਮੌਕੇ ਅਖੰਡ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਸਾਰੀ ਸਿੱਖ ਸੰਗਤ ਨੂੰ ਬਾਦਲਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿੱਖਾਂ ਨਾਲ ਬੇਇਨਸਾਫ਼ੀ ਹੋਈ ਹੋਵੇ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜੇਲਾਂ ਕੱਟਣ ਦੀ ਗੱਲ ਕਰਦਾ ਹੈ ਪਰ ਜੇਲ ਵਿਚ ਵੀ ਉਸ ਨੂੰ ਵੀ. ਵੀ. ਆਈ. ਪੀ. ਸਹੂਲਤਾਂ ਮਿਲਦੀਆਂ ਸਨ।

You must be logged in to post a comment Login