30 ਦਸੰਬਰ ਨੂੰ ਪੈਣਗੀਆਂ ਸਰਪੰਚੀ ਦੀਆਂ ਵੋਟਾਂ

30 ਦਸੰਬਰ ਨੂੰ ਪੈਣਗੀਆਂ ਸਰਪੰਚੀ ਦੀਆਂ ਵੋਟਾਂ

ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ। ਕਾਫ਼ੀ ਸਮੇਂ ਤੋਂ ਚੋਣਾਂ ਬਾਰੇ ਸਸਪੈਂਸ ਬਣਿਆ ਹੋਇਆ ਸੀ। ਅੱਜ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਤਾਰੀਖ਼ਾਂ ਉੱਤੇ ਮੋਹਰ ਲੱਗ ਗਈ ਹੈ।
ਪੰਜਾਬ ਦੇ ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਅੱਜ ਰਾਜ ਦੀਆਂ 13276 ਪੰਚਾਇਤਾਂ ਦੀਆਂ ਚੋਣਾਂ ਲਈ ਦਿਨਾਂ ਦਾ ਐਲਾਨ ਕੀਤਾ। ਐਲਾਨ ਦੇ ਨਾਲ, ਸੂਬੇ ‘ਚ ਤੁਰੰਤ ‘ਆਦਰਸ਼ ਚੋਣ ਜ਼ਾਬਤਾ’ ਲਾਗੂ ਹੋ ਗਿਆ ਹੈ. ਚੋਣ ਦੇ ਪੂਰੇ ਹੋਣ ਤੱਕ ਆਚਾਰ ਸੰਹਿਤਾ ਲਾਗੂ ਰਹੇਗੀ। ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 15 ਦਸੰਬਰ, 2018 ਨੂੰ ਸ਼ੁਰੂ ਹੋਵੇਗੀ ਤੇ 19 ਦਸੰਬਰ 2018 ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਾਰੀਖ ਹੋਵੇਗੀ. 20 ਦਸੰਬਰ, 2018 ਨੂੰ ਨਾਮਜ਼ਦ ਪੱਤਰਾਂ ਦੀ ਛਾਣਬੀਣ ਕੀਤੀ ਜਾਵੇਗੀ ਤੇ ਨਾਮਜ਼ਦਗੀ ਵਾਪਸ ਲੈਣ ਦੀ ਤਾਰੀਖ 21 ਦਸੰਬਰ, 2018 ਹੋਵੇਗੀ, ਜੋ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਦੀ ਤਾਰੀਖ ਵੀ ਹੋਵੇਗੀ। ਵੋਟਾਂ 30 ਦਸੰਬਰ, 2018 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਤੇ ਵੋਟਾਂ ਦੀ ਗਿਣਤੀ ਵੀ ਉਸੇ ਦਿਨ ਹੋਵੇਗੀ। ਚੋਣਾਂ ਨੂੰ ਸੁਚਾਰੂ ਤੇ ਸ਼ਾਂਤਮਈ ਤਰੀਕੇ ਨਾਲ ਯਕੀਨੀ ਬਣਾਉਣ ਲਈ ਕੁੱਲ 40 ਤੋਂ 50 ਅਬਜ਼ਰਵਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਸੂਬੇ ਵਿੱਚ 13276 ਪੰਚਾਇਤਾਂ ਲਈ 13276 ਸਰਪੰਚ ਚੁਣੇ ਜਾਣਗੇ. ਉਨ੍ਹਾਂ ਅੱਗੇ ਕਿਹਾ ਕਿ 83831 ਪੰਚ 13276 ਪੰਚਾਇਤਾਂ ਲਈ ਚੁਣੇ ਜਾਣਗੇ, ਜਿਨ੍ਹਾਂ ਵਿਚੋਂ ਅਨੁਸੂਚਿਤ ਜਾਤੀਆਂ ਲਈ 17811 ਸੀਟਾਂ, ਅਨੁਸੂਚਿਤ ਜਾਤੀ ਵਾਲੀਆਂ ਔਰਤਾਂ ਲਈ 12634, ਆਮ ਸ਼੍ਰੇਣੀ ਦੀਆਂ ਔਰਤਾਂ ਲਈ 22690, ਪੱਛੜੀਆਂ ਸ਼੍ਰੇਣੀਆਂ ਲਈ 4381 ਤੇ ਜਨਰਲ ਵਰਗ ਲਈ 26315 ਸੀਟਾਂ ਰਿਜਰਵ ਹੋਣਗੀਆਂ। ਸੂਬੇ ‘ਚ ਕੁਲ 12787395 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿਚੋਂ 6688245 ਮਰਦ, 6066245 ਮਹਿਲਾ ਤੇ 97 ਤੀਸਰੇ ਲਿੰਗ ਦੇ ਵੋਟਰ ਹਨ। ਰਾਜ ਚੋਣ ਕਮਿਸ਼ਨ ਨੇ 17268 ਪੋਲਿੰਗ ਬੂਥ ਸਥਾਪਤ ਕੀਤੇ ਹਨ ਅਤੇ 86340 ਕਰਮਚਾਰੀ ਚੋਣ ਡਿਊਟੀ ‘ਤੇ ਨਿਯੁਕਤ ਕੀਤੇ ਜਾਣਗੇ.। ਰਾਜ ਚੋਣ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਰਪੰਚ ਦੇ ਅਹੁਦੇ ਲਈ ਉਮੀਦਵਾਰ ਲਈ ਖਰਚਾ ਸੀਮਾ 30,000 ਰੁਪਏ ਨਿਰਧਾਰਤ ਕੀਤੀ ਗਈ ਹੈ, ਜਦੋਂ ਕਿ ਪੰਚ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰਾਂ ਲਈ ਹੱਦ 20,000 ਰੁਪਏ ਹੈ।

You must be logged in to post a comment Login