550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸਿਆਸਤ ਤੇਜ਼

550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸਿਆਸਤ ਤੇਜ਼

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸੂਬਾ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵਿਚਕਾਰ ਭਾਰੀ ਤਾਲਮੇਲ ਦੀ ਕਮੀ ਸਾਹਮਣੇ ਆਈ ਹੈ। ਦੋਵੇਂ ਇਕ-ਦੂਜੇ ‘ਤੇ ਆਪਸੀ ਤਾਲਮੇਲ ਨਾ ਬਣਾਉਣ ਦਾ ਦੋਸ਼ ਲਗਾ ਰਹੀਆਂ ਹਨ, ਜਿਸ ਕਾਰਨ ਇਹ ਮਾਮਲਾ ਸਿਆਸਤ ਦੀ ਭੇਟ ਚੜ੍ਹਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਹੇਠ ਹੋਈ ਤਾਲਮੇਲ ਕਮੇਟੀ ਦੀ ਮੀਟਿੰਗ ‘ਚ ਸਰਕਾਰ ਵੱਲੋਂ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ ਗਿਆ ਸੀ।ਐਸਜੀਪੀਸੀ ਵੱਲੋਂ ਸੂਬਾ ਸਰਕਾਰ ‘ਤੇ ਲਾਏ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਤਿਹਾਸਕ ਦਿਹਾੜੇ ਦੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕਣ ਲਈ ਧਾਰਮਕ ਸੰਸਥਾਵਾਂ ਨਾਲ ਤਾਲਮੇਲ ਲਈ ਪਹਿਲਾਂ ਹੀ ਮੰਤਰੀਆਂ ਦਾ ਸਮੂਹ ਬਣਾਇਆ ਹੋਇਆ ਹੈ। ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਸੂਬਾ ਸਰਕਾਰ ’ਤੇ ਹਿੱਸਾ ਨਾ ਲੈਣ ਦੇ ਸ਼੍ਰੋਮਣੀ ਕਮੇਟੀ ਵਲੋਂ ਲਾਏ ਦੋਸ਼ਾਂ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਬਨਿਟ ਮੰਤਰੀਆਂ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ’ਤੇ ਆਧਾਰਤ ਮੰਤਰੀਆਂ ਦੇ ਸਮੂਹ ਨੂੰ ਪਹਿਲਾਂ ਨਿਰਦੇਸ਼ ਦਿੱਤੇ ਹੋਏ ਹਨ ਕਿ ਉਹ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸ਼੍ਰੋਮਣੀ ਕਮੇਟੀ ਨਾਲ ਸਾਰੇ ਮਾਮਲਿਆਂ ’ਤੇ ਚਰਚਾ ਕਰਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਾਂਝਾ ਸਮਾਗਮ ਕਰਨ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ’ਤੇ ਮਾਮਲੇ ਵਿਚ ਸੂਬਾ ਸਰਕਾਰ ’ਤੇ ਇਹ ਦੋਸ਼ ਲਾਉਣਾ ਕਿ ਉਹ ਸਾਂਝਾ ਸਮਾਗਮ ਕਰਵਾਉਣ ਵਿਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਹੈ, ਸਰਾਸਰ ਗ਼ਲਤ ਹੈ। ਸਗੋਂ ਸ਼੍ਰੋਮਣੀ ਕਮੇਟੀ ਸੂਬਾ ਸਰਕਾਰ ਨਾਲ ਇਸ ਇਤਿਹਾਸਕ ਦਿਹਾੜੇ ਨੂੰ ਸਾਂਝੇ ਮੰਚ ’ਤੇ ਮਨਾਉਣ ਤੋਂ ਭੱਜ ਰਹੀ ਹੈ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਜਿਹਾ ਇਤਿਹਾਸਕ ਦਿਹਾੜਾ ਸ਼੍ਰੋਮਣੀ ਕਮੇਟੀ ਨਾਲ ਸਾਂਝੇ ਤੌਰ ’ਤੇ ਮਨਾਇਆ ਜਾਵੇ ਅਤੇ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਸ ਮਾਮਲੇ ’ਤੇ ਖੁੱਲੇ ਵਿਚਾਰ ਰੱਖਣ ਲਈ ਕਿਹਾ।

You must be logged in to post a comment Login