NDTV ਦੇ ਸੰਸਥਾਪਕ ਪ੍ਰਣਯ ਰਾਏ ਵਿਰੁਧ ਸੀਬੀਆਈ ਵੱਲੋਂ ਨਵਾਂ ਮਾਮਲਾ ਦਰਜ

NDTV ਦੇ ਸੰਸਥਾਪਕ ਪ੍ਰਣਯ ਰਾਏ ਵਿਰੁਧ ਸੀਬੀਆਈ ਵੱਲੋਂ ਨਵਾਂ ਮਾਮਲਾ ਦਰਜ

ਨਵੀਂ ਦਿੱਲੀ : ਐਨਡੀਟੀਵੀ ਦੇ ਸੰਸਥਾਪਕ ਪ੍ਰਣਯ ਰਾਏ ਅਤੇ ਹੋਰਾਂ ਵਿਰੁਧ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਨਵਾਂ ਮਾਮਲਾ ਦਰਜ ਕੀਤਾ ਹੈ। ਮਾਮਲੇ ਨਾਲ ਸਬੰਧਤ ਇਕ ਅਧਿਕਾਰੀ ਮੁਤਾਬਕ ਜਾਂਚ ਏਜੰਸੀ ਨੇ ਉਨ੍ਹਾਂ ਵਿਰੁਧ ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫਡੀਆਈ) ਦੇ ਨਿਯਮਾਂ ਦੀ ਉਲੰਘਣਾ ਮਾਮਲੇ ‘ਚ ਇਹ ਕੇਸ ਦਰਜ ਕੀਤਾ ਹੈ।
ਅਧਿਕਾਰੀ ਨੇ ਬੁਧਵਾਰ ਨੂੰ ਦਸਿਆ ਕਿ ਸੀਬੀਆਈ ਨੇ ਪ੍ਰਣਯ ਰਾਏ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ ਅਤੇ ਇਕ ਹੋਰ ਵਿਰੁਧ ਮਾਮਲਾ ਦਰਜ ਕੀਤਾ ਹੈ। ਏਜੰਸੀ ਨੇ ਕੰਪਨੀ ਦੇ ਸਾਬਕਾ ਸੀਈਓ ਵਿਕਰਮਾਦਿੱਤ ਚੰਦਰਾ ਵਿਰੁਧ ਅਪਰਾਧਕ ਸਾਜਸ਼਼, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਐਨਡੀਟੀਵੀ ਨੇ ਆਪਣੀ 32 ਸਹਾਇਕ ਕੰਪਨੀਆਂ ਦੀ ਵਰਤੋਂ ਕਰ ਕੇ ਟੈਕਸ ਹੈਵਨ ਦੇਸ਼ਾਂ ਤੋਂ ‘ਸ਼ੈਮ ਟਰਾਂਸੈਕਸ਼ਨ’ ਰਾਹੀਂ ਵਿਦੇਸ਼ੀ ਫੰਡ ਹਾਸਲ ਕੀਤਾ ਸੀ। ਸੀਬੀਆਈ ਮੁਤਾਬਕ ਇਨ੍ਹਾਂ ਫ਼ਰਮਾਂ ਰਾਹੀਂ ਕੋਈ ਵਪਾਰ ਲੈਣ-ਦੇਣ ਨਹੀਂ, ਸਗੋਂ ਇਨ੍ਹਾਂ ਦੀ ਵਰਤੋਂ ਵਿਦੇਸ਼ ਤੋਂ ਵਿੱਤੀ ਲੈਣ-ਦੇਣ ਲਈ ਕੀਤੀ ਗਈ ਹੈ। ਸੀਬੀਆਈ ਨੇ ਕਿਹਾ ਹੈ ਕਿ ਐਨਡੀਟੀਵੀ ਇੰਟਰਨੈਸ਼ਨਲ ਹੋਲਡਿੰਗ ਬੀਵੀ (ਐਨਡੀਟੀਵੀ ਦੀ ਸਹਾਇਕ ਕੰਪਨੀ) ਦੀ ਵਰਤੋਂ ਜਨਰਲ ਇਲੈਕਟ੍ਰੋਨਿਕ ਤੋਂ 150 ਮਿਲੀਅਨ ਡਾਲਰ ਇਕੱਤਰ ਕਰਨ ਲਈ ਕੀਤੀ ਗਈ ਸੀ।
ਐਨਡੀਟੀਵੀ ਸੰਸਥਾਪਕਾਂ ਨੇ ਦੋਸ਼ਾਂ ਨੂੰ ਝੂਠਾ ਦੱਸਿਆ : ਐਨਡੀਟੀਵੀ ਨੇ ਇਕ ਬਿਆਨ ਜਾਰੀ ਕਰ ਕੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਰੇ ਮਾਮਲਿਆਂ ‘ਚ ਪ੍ਰਣਯ ਰਾਏ ਅਤੇ ਰਾਧਿਕਾ ਨੇ ਪੂਰਾ ਸਹਿਯੋਗ ਕੀਤਾ ਹੈ। ਇਸ ਦੇ ਬਾਵਜੂਦ ਉਨ੍ਹਾਂ ਵਿਰੁਧ ਇਕ ਨਵਾਂ ਕੇਸ ਦਰਜ ਕਰ ਲਿਆ ਗਿਆ। ਆਜ਼ਾਦ ਪੱਤਰਕਾਰੀ ਕਰ ਰਹੀ ਸੰਸਥਾ ਵਿਰੁਧ ਇਕ ਨਵਾਂ ਕੇਸ ਦਰਜ ਕੀਤਾ ਗਿਆ। ਇਸ ਕੇਸ ‘ਚ ਹਾਸੋਹੀਣੀ ਦੋਸ਼ ਲਗਾਇਆ ਗਿਆ ਹੈ ਕਿ ਅਮਰੀਕਾ ਅਤੇ ਭਾਰਤ ‘ਚ ਸਾਰੇ ਸਬੰਧਤ ਅਧਿਕਾਰੀਆਂ ਲਈ ਘੋਸ਼ਿਤ ਲੈਣ-ਦੇਣ ਰਾਹੀਂ ਅਣਪਛਾਤੇ ਸਰਕਾਰੀ ਲੋਕਾਂ ਲਈ ਮਨੀ ਲਾਂਡਰਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਐਨਡੀਟੀਵੀ ਅਤੇ ਉਸ ਦੇ ਸੰਸਥਾਪਕਾਂ ਨੂੰ ਭਾਰਤੀ ਕਾਨੂੰਨ ‘ਤੇ ਪੂਰਾ ਭਰੋਸਾ ਹੈ ਅਤੇ ਉਹ ਕੰਪਨੀ ਦੀ ਪੱਤਰਕਾਰਿਤਾ ਦੀ ਇਮਾਨਦਾਰੀ ਲਈ ਵਚਨਬੱਧ ਹੈ। ਝੂਠੇ ਦੋਸ਼ਾਂ ਅਤੇ ਕੋਝੀਆਂ ਹਰਕਤਾਂ ਨਾਲ ਆਜ਼ਾਦ ਅਤੇ ਸੱਚੀਆਂ ਖ਼ਬਰਾਂ ਨੂੰ ਰੋਕਣ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ। ਇਹ ਇਕ ਕੰਪਨੀ ਜਾਂ ਵਿਅਕਤੀ ਦਾ ਮਾਮਲਾ ਨਹੀਂ, ਸਗੋਂ ਪ੍ਰੈਸ ਦੀ ਆਜ਼ਾਦੀ ਨੂੰ ਬਣਾਈ ਰੱਖਣ ਦੀ ਲੜਾਈ ਹੈ।

You must be logged in to post a comment Login