ਅਮਰੀਕਾ ’ਚ ਕੁੱਟਮਾਰ ਕਾਰਨ ਗੰਭੀਰ ਜ਼ਖ਼ਮੀ ਭਾਰਤੀ ਕਾਰੋਬਾਰੀ ਦੀ ਮੌਤ

ਅਮਰੀਕਾ ’ਚ ਕੁੱਟਮਾਰ ਕਾਰਨ ਗੰਭੀਰ ਜ਼ਖ਼ਮੀ ਭਾਰਤੀ ਕਾਰੋਬਾਰੀ ਦੀ ਮੌਤ

ਵਾਸ਼ਿੰਗਟਨ, 10 ਫਰਵਰੀ- ਵਾਸ਼ਿੰਗਟਨ ਦੇ ਰੈਸਟੋਰੈਂਟ ਦੇ ਬਾਹਰ ਲੜਾਈ ਦੌਰਾਨ ਕੁੱਟਮਾਰ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਹਾਲ ਹੀ ‘ਚ ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ‘ਤੇ ਹਮਲਿਆਂ ਦੀਆਂ ਕਈ ਚਿੰਤਾਜਨਕ ਘਟਨਾਵਾਂ ਸਾਹਮਣੇ ਆਈਆਂ ਹਨ। ਜਾਂਚਕਰਤਾਵਾਂ ਨੇ ਕਿਹਾ ਕਿ ਅਧਿਕਾਰੀਆਂ ਨੇ 2 ਫਰਵਰੀ ਨੂੰ ਤੜਕੇ 2 ਵਜੇ ਦੇ ਕਰੀਬ ਸ਼ੋਟੋਜ਼ ਰੈਸਟੋਰੈਂਟ ਦੇ ਬਾਹਰ ਘਟਨਾ ਦੀ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਫੁੱਟਪਾਥ ‘ਤੇ ਵਿਵੇਕ ਤਨੇਜਾ ਨਾਂ ਦਾ ਭਾਰਤੀ ਮੂਲ ਦਾ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਦੇਖਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਵਾਸ਼ਿੰਗਟਨ ਡੀਸੀ ਦੇ ਟੈਲੀਵਿਜ਼ਨ ਸਟੇਸ਼ਨ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਨੇਜਾ ਅਤੇ ਅਣਪਛਾਤੇ ਵਿਅਕਤੀ ਵਿਚਕਾਰ ਬੋਲ-ਬੁਲਾਰਾ ਲੜਾਈ ਵਿੱਚ ਬਦਲ ਗਿਆ ਅਤੇ ਮੁਲਜ਼ਮ ਨੇ ਤਨੇਜਾ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਫੁੱਟਪਾਥ ਨਾਲ ਉਸ ਦਾ ਸਿਰ ਮਾਰਿਆ। ਗੰਭੀਰ ਰੂਪ ਨਾਲ ਜ਼ਖਮੀ ਤਨੇਜਾ ਦੀ ਹਸਪਤਾਲ ‘ਚ ਮੌਤ ਹੋ ਗਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਦੀ ਭਾਲ ਕਰ ਰਹੀ ਹੈ। ਮੁਲਜ਼ਮ ਦੀ ਫੁਟੇਜ ਸੀਸੀਟੀਵੀ ਤੋਂ ਹਾਸਲ ਕਰ ਲਈ ਗਈ ਹੈ। ਤਨੇਜਾ ‘ਡਾਇਨਾਮੋ ਟੈਕਨਾਲੋਜੀਜ਼’ ਦੇ ਸਹਿ-ਸੰਸਥਾਪਕ ਅਤੇ ਚੇਅਰਮੈਨ ਸਨ।

You must be logged in to post a comment Login