ਮੈਲਬਰਨ, 8 ਨਵੰਬਰ- ਆਸਟਰੇਲਿਆਈ ਸੂਬੇ ਵਿਕਟੋਰੀਆ ਵਿੱਚ ਬਜ਼ੁਰਗ ਵਿਅਕਤੀ ਵੱਲੋਂ ਕਾਰ ਪੱਬ ਦੇ ਬੀਅਰ ਗਾਰਡਨ ਵਿੱਚ ਜਾ ਵੜਨ ਕਾਰਨ 9 ਅਤੇ 11 ਸਾਲ ਦੇ ਦੋ ਬੱਚਿਆਂ ਸਮੇਤ ਪੰਜ ਭਾਰਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਵਿਵੇਕ ਭਾਟੀਆ (38), ਉਸ ਦਾ ਪੁੱਤਰ ਵਿਹਾਨ (11), ਪ੍ਰਤਿਭਾ ਸ਼ਰਮਾ (44), ਉਸ ਦੀ ਧੀ ਅਨਵੀ (ਨੌਂ) ਅਤੇ ਸਾਥੀ ਜਤਿਨ ਚੁੱਘ (30) ਸ਼ਾਮਲ ਹਨ। ਭਾਟੀਆ ਦੀ ਪਤਨੀ ਰੁਚੀ (36), ਛੋਟਾ ਬੇਟਾ ਅਬੀਰ (ਛੇ) ਅਤੇ 11 ਮਹੀਨੇ ਦੇ ਬੱਚੇ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲੀਸ ਮੁਤਾਬਕ ਸਫੈਦ ਬੀਐੱਮਡਬਲਿਊ ਦੇ 66 ਸਾਲਾ ਡਰਾਈਵਰ ਮਾਊਂਟ ਮੈਸੇਡਨ ਨੂੰ ਮਾਮੂਲੀ ਸੱਟਾਂ ਕਾਰਨ ਹਸਪਤਾਲ ਲਜਿਾਇਆ ਗਿਆ ਹੈ।