ਕਹਾਣੀ-ਅਪਣੀਂ ਹੁਕੂਮਤ ਨਹੀਂ

ਕਹਾਣੀ-ਅਪਣੀਂ ਹੁਕੂਮਤ ਨਹੀਂ

ਰਾਮ ਸਿੰਘ ਨੇ ਅਪਣੀ ਖ਼ੂਨ ਪਸੀਨੇ ਦੀ ਕਮਾਈ ਨਾਲ ਅਪਣੇਂ ਦੋਵਾ ਪੁੱਤਰਾਂ ਨੂੰ  ਖੇਚਲ ਭਰਪੂਰ ਰੀਝਾਂ ਚਾਵਾਂ ਨਾਲ ਉਚ ਸਿੱਖਿਆ ਹਾਸਿਲ ਕਰਵਾਈ | ਉਸ ਦੇ ਦੋਵੇਂ ਪੁੱਤਰ ਪੀ.ਆਰ. ਲੈ ਕੇ ਅਮਰੀਕਾ ਚਲੇ ਗਏ |ਦੋਵਾਂ ਦੀ ਸ਼ਾਦੀ ਧੂਮ ਧਾਮ ਨਾਲ, ਰੀਝਾਂ ਉਮੰਗਾਂ ਨਾਲ ਕੀਤੀ ਗਈ ਸੀ | ਉਥੇ ਦੋਵਾਂ ਨੂੰ  ਕਾਨੂੰਨ ਮੁਤਾਬਿਕ ਟੈਸਟ ਕਲੀਅਰ ਕਰਕੇ ਚੰਗੀਆਂ ਨੌਕਰੀਆਂ ਮਿਲ ਗਈਆਂ ਸਨ | ਦੋਵਾਂ ਦੀਆਂ ਪਤਨੀਆਂ ਵੀ ਨੌਕਰੀ ਕਰਦੀਆਂ ਸਨ | ਰਾਮ ਸਿੰਘ ਨੇ ਕਦੀ ਵੀ ਬੱਚਿਆਂ ਦੀ ਕਮਾਈ ‘ਚੋਂ ਕੋਈ ਪੈਸਾ ਤਕ ਨਹੀਂ ਲਿਆ | ਉਨ੍ਹਾਂ ਨੂੰ  ਨਾ ਹੀ ਕੋਈ ਹਿਸਾਬ ਕਿਤਾਬ ਪੁੱਛਿਆ ਸੀ | ਅਪਣੀਆਂ ਜ਼ਰੂਰਤਾਂ, ਇੱਛਾਵਾਂ ਨੂੰ  ਇਕ ਪਾਸੇ ਰੱਖ ਕੇ ਬੱਚਿਆਂ ਨੂੰ  ਉਚ ਤਾਲੀਮ ਅਤੇ ਚੰਗੇ ਸੰਸਕਾਰ ਦਿੱਤੇ |

(ਲੜਕੇ) ਬੱਚੇ ਜਦ ਪੜ੍ਹਦੇ ਸਨ ਤਾਂ ਉਨ੍ਹਾਂ ਦੇ ਦੋਸਤ ਘਰ ਮਿਲਣ ਲਈ ਆ ਜਾਂਦੇ ਤਾਂ ਉਹ ਪਤੀ-ਪਤਨੀ ਚਿਹਰੇ ਤੇ ਸਿਣਕ ਤਕ ਨਹੀਂ ਸੀ ਆਉਣ ਦਿੰਦੇ | ਉਨ੍ਹਾਂ ਨੂੰ  ਇਕ ਚਾਅ ਜਿਹਾ ਚੜ੍ਹ ਜਾਂਦਾ ਕਿ ਬੱਚਿਆਂ ਦੇ ਦੋਸਤ ਆਏ ਹਨ | ਤਰ੍ਹਾਂ-ਤਰ੍ਹਾਂ ਦੇ ਪਕਵਾਣ, ਮਿਸ਼ਠਾਣ, ਖੇਚਲ ਅਤੇ ਖਰਚੀਲੇ ਢੰਗ ਦੇ ਬਣਾਏ ਜਾਂਦੇ ਤਾਂ ਜੋ ਦੋਸਤ ਖੁਸ਼ ਰਹਿਣ |

ਸੈਰ-ਸਪਾਟੇ ਲਈ ਵੀ ਬੱਚੇ ਜਦ ਦੋਸਤਾਂ ਦੇ ਨਾਲ ਜਾਂਦੇ ਤਾਂ ਖੁੱਲ੍ਹਾ ਖਰਚਾ ਦਿੱਤਾ ਜਾਂਦਾ ਤਾਂ ਜੋ ਉਨ੍ਹਾਂ ਦੇ ਦੋਸਤਾਂ ਪ੍ਰਤੀ ਕੋਈ ਗੁਜਾਇਸ਼ ਨਾ ਰਹਿ ਜਾਏ | ਬੱਚਿਆਂ ਦੀ ਖ਼ੁਸ਼ੀ ਲਈ ਹਰ ਸੰਭਵ ਅਸੰਭਵ ਕੋਸ਼ਿਸ਼ ਕੀਤੀ ਜਾਂਦੀ | ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਸਹੂਲਤਾਂ ਦਾ ਪੂਰਾ-ਪੂਰਾ ਚਿੰਤਾ ਜਨਕ ਖ਼ਿਆਲ ਰੱਖਿਆ ਜਾਂਦਾ |

ਛੁੱਟੀਆਂ ਦੇ ਦਿਨਾਂ ਵਿਚ ਬੱਚਿਆਂ ਨੂੰ  ਸਪਰਿਵਾਰ ਕਿਸੇ ਨਾ ਕਿਸੇ ਪਹਾੜੀ ਇਲਾਕੇ ਵਿਚ ਸੈਰ-ਸਪਾਟੇ ਲਈ ਲੈ ਜਾਂਦੇ | ਉਥੇ ਮੌਸਮ ਅਨੁਸਾਰ ਚੀਜ਼ਾਂ ਵੀ ਖ਼ਰੀਦੀਆਂ ਜਾਂਦੀਆਂ | ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖਰੀਦ ਕੇ ਦਿੰਦੇ ਤਾਂ ਜੋ ਬੱਚੇ ਖੁਸ਼ ਰਹਿਣ | ਬੱਚਿਆਂ ਦੀਆਂ ਉਮਰ ਮੁਤਾਬਿਕ ਜ਼ਰੂਰਤਾਂ ਪੂਰੀਆਂ ਕਰਨ ਨਾਲ ਉਨ੍ਹਾਂ ਨੂੰ ਇਕ ਵਿਸ਼ੇਸ਼ ਕਿਸਮ ਦੀ ਰੂਹਾਈ ਊਰਜ਼ਾ ਮਿਲਦੀ | ਦਿਲ ਖਿੜ ਜਾਂਦਾ | ਥਕਾਵਟ ਨਾਂਮ ਦਾ ਅਹਿਸਾਸ ਮਹਿਸੂਸ ਹੀ ਨਾ ਹੁੰਦਾ | ਸਵਰਗ ਦਾ ਦੂਸਰਾ ਨਾਮ ਹੈ ਧੀਆਂ-ਪੁੱਤਰਾਂ ਨਾਲ ਸੈਰ ਸਪਾਟੇ ਨੂੰ  ਜਾ ਣਾ| ਇਹ ਮੌਕੇ ਕਿਸੇ ਕਰਮਾਂ ਵਾਲੇ ਨੂੰ  ਹੀ ਮਿਲਦੇ ਹਨ |  ਰਾਮ ਸਿੰਘ ਅਤੇ ਉਸ ਦੀ ਪਤਨੀ ਹਰ ਸਾਲ ਗਰਮੀਆਂ ਦੇ ਮਹੀਨੇ ਵਿਚ ਅਮਰੀਕਾ ਬੱਚਿਆਂ ਕੋਲ ਚਲੇ ਜਾਂਦੇ | ਅਮਰੀਕਾ ਜਾਣ ਲੱਗਿਆਂ ਉਹ ਆਉਣ-ਜਾਣ ਦੀ ਹਵਾਈ ਟਿਕਟ ਖੁਦ ਹੀ ਲੈ ਕੇ ਜਾਂਦੇ ਤਾਂ ਜੋ ਬੱਚਿਆਂ ਤੇ ਕਿਸੇ ਕਿਸਮ ਦਾ ਬੋਝ ਨਾ ਪਵੇ | ਅਮਰੀਕਾ ਵਿਚ ਬੱਚਿਆਂ ਕੋਲ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਦੋਸਤ ਵੀ ਰਹਿਣ ਲਈ ਆ ਜਾਂਦੇ ਤਾਂ ਉਨ੍ਹਾਂ ਨੂੰ  ਬਹੁਤ ਚਾਅ ਚੜ੍ਹ ਜਾਂਦਾ | ਕਈ ਰਿਸ਼ਤੇਦਾਰ ਤਾਂ ਉਨ੍ਹਾਂ ਕੋਲ ਕਈ-ਕਈ ਸਾਲ ਤੱਕ ਰਹਿ ਜਾਂਦੇ |

ਇਥੋਂ ਤੱਕ ਕਿ ਅਮਰੀਕਾ ਵਿਚ ਰਹਿੰਦਿਆਂ ਰਾਮ ਸਿੰਘ ਅਤੇ ਉਸ ਦੀ ਪਤਨੀ ਅਪਣੀਆਂ ਨਿੱਜੀ ਜ਼ਰੂਰਤਾਂ ਦੀ ਪੂਰਤੀ ਲਈ ਖੁਦ ਅਪਣੇ ਕੋਲੋਂ ਹੀ ਪੈਸੇ ਖਰਚ ਕਰਦੇ | ਸਮੇਂ-ਸਮੇਂ ਮੁਤਾਬਿਕ ਉਹ ਸੌਗਾਤਾਂ ਵੀ ਦਿੰਦੇ ਰਹਿੰਦੇ, ਉਨ੍ਹਾਂ ਦੇ ਲੜਕੇ ਅਤੇ ਨੂਹਾਂ ਵੀ ਪੂਰਾ-ਪੂਰਾ ਸਤਿਕਾਰ ਕਰਦੇ |

ਰਾਮ ਸਿੰਘ ਨੇ ਅਪਣੇ ਵਿਦਿਆਰਥੀ ਜੀਵਨ ਅਤੇ ਨੌਕਰੀ ਜੀਵਨ ਸ਼ੈਲੀ ਦੇ ਦੌਰਾਨ ਵੀ ਈਮਾਨਦਾਰੀ, ਖੁੱਲ੍ਹ ਦਿਲੀ ਅਤੇ ਮਿਲਾਪੜੇਪਣ ਵਾਲੀ ਆਦਤ ਦਾ ਸੰਤੁਲਨ ਕਾਇਮ ਰੱਖਿਆ | ਉਹ ਪਰਿਵਾਰਕ ਰਿਸ਼ਤੇਦਾਰੀਆਂ, ਯਾਰਾਂ ਦੋਸਤਾਂ ਵਿਚ ਹਮੇਸ਼ਾਂ ਹੀ ਅਣਖ ਨਾਲ, ਜ਼ਰਰਤ ਨਾਲ, ਫਿਰਾਕ ਦਿੱਲੀ ਨਾਲ ਸਿਰ ਉਚਾ ਚੁੱਕ ਕੇ ਜੀਵਿਆ | ਯਾਰਾਂ-ਦੋਸਤਾਂ, ਰਿਸ਼ਤੇਦਾਰਾਂ ਵਿਚ ਉਸ ਦੀ ਈਮਾਨਦਾਰੀ, ਮਹਿਮਾਨ ਨਿਵਾਜ਼ੀ, ਆਓ ਭਗਤ ਅਤੇ ਖੁੱਲ ਦਿੱਲੀ ਕਰਕੇ ਵੀ ਪਿਆਰ-ਸਤਿਕਾਰ ਬਣਿਆ ਹੋਇਆ ਸੀ | ਉਹ ਦੋਵੇਂ ਜੀਅ ਮਹਿਮਾਨ ਨਿਵਾਜ਼ੀ ਦੀ ਖੇਚਲ ਤੋਂ ਕਦੀ ਵੀ ਪਿੱਛੇ ਨਾ ਹਟਦੇ | ਮਹਿਮਾਨ-ਨਿਵਾਜ਼ੀ ਦੇ ਅਤੇ ਜਜਮਾਨ ਨਿਵਾਜ਼ੀ ਦੇ ਸਿਸ਼ਟਾਚਾਰ ਅਤੇ ਸਤਿਕਾਰਤ ਨਿਯਮਾਂ ਨੂੰ  ਉਹ ਭਲੀ ਭਾਂਤੀ ਜਾਣਦੇ ਸਮਝਦੇ ਸੀ |

ਰਾਮ ਸਿੰਘ ਕਹਿੰਦਾ ਸੀ ਕਿ ਬਾਹਰੀ ਲੰਗਰ ਲਗਾਉਣ ਨਾਲੋਂ ਚੰਗਾ ਹੈ ਕਿ ਯਾਰਾਂ-ਦੋਸਤਾਂ, ਰਿਸ਼ਤੇਦਾਰਾਂ ਵਿਚ ਪੈਸਾ ਖਰਚਿਆ ਜਾਵੇ | ਖੁਸ਼ੀ ਦੇ ਮੌਕੇ ਉਨ੍ਹਾਂ ਨਾਲ ਸਾਂਝੇ ਕੀਤੇ ਜਾਣ | ਇਥੇ ਪੈਸਾ ਖਰਚਣ ਨਾਲ ਸਤਿਕਾਰ, ਪਿਆਰ ਅਤੇ ਇਕ ਅਪਣੇ ਆਪ ਦੀ ਹੋਂਦ ਨੂੰ  ਨਿਵੇਕਲੀ ਊਰਜਾ ਮਿਲਦੀ ਹੈ ਅਤੇ ਮਨੁੱਖ ਦਾ ਸਕੂਨ ਬਰਕਰਾਰ ਰਹਿੰਦਾ ਹੈ |

ਇਕ ਦਿਨ ਅਚਾਨਕ ਰਾਮ ਸਿੰਘ ਨੂੰ  ਉਸ ਦੇ ਇਕ ਪੁਰਾਣੇਂ ਦੋਸਤ ਦਾ ਫੋਨ ਆਉਂਦਾ ਹੈ | ਉਹ ਦੋਸਤ ਉਸ ਨਾਲ ਵਿਸ਼ਵ ਵਿਦਿਆਲੇ ਵਿਚ ਪੜ੍ਹਦਾ ਹੁੰਦਾ ਸੀ ਅਤੇ ਆਈ.ਏ.ਐਸ ਆਫ਼ੀਸਰ ਦੇ ਪਦ ਤੋਂ ਸੇਵਾ ਮੁਕਤ ਹੋਇਆ ਸੀ | ਦੋਸਤ ਨੇ ਫੋਨ ‘ਤੇ ਰਾਜ਼ੀ ਖੁਸ਼ੀ ਪੁੱਛਣ ਤੋਂ ਬਾਅਦ ਕਿਹਾ ਕਿ, ਰਾਮ ਸਿੰਘ ਮੈਂ ਵੀ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਬੱਚਿਆਂ ਕੋਲ ਆਇਆ ਹੋਇਆ ਹਾਂ | ਤੁਸੀਂ ਤਾਂ ਬਾਲਟੀਮੋਰ ਰਹਿੰਦੇ ਹੋ | ਨਿਊਯਾਰਕ ਤੋਂ ਬਾਲਟੀਮੋਰ ਲਗਭਗ ਤਿੰਨ ਚਾਰ ਘੰਟੇ ਬਾਈ ਏਅਰ ਦਾ ਸਫ਼ਰ ਹੈ ।| ਮੈਂ ਕਿਸੇ ਦਿਨ ਤੈਨੂੰ ਮਿਲਣ ਆਉਣਾ ਚਾਹੁੰਦਾ ਹਾਂ | ਯਾਰ ਇਕੱਠੇ ਬੈਠ ਕੇ ਗੱਪਾਂ-ਛੱਪਾਂ ਮਾਰਾਂਗੇ | ਪੁਰਾਣੀਆਂ ਯਾਦਾਂ ਹੀ ਬੁਢਾਪੇ ਵਿਚ ਸਕੂਨ ਦਿੰਦੀਆਂ ਹਨ | ਇਥੋਂ ਦੋ ਤਿੰਨ ਦਿਨ ਘੁੰਗਾਂ ਫਿਰਾਂਗੇ | ਤੂੰ ਮੈਨੂੰ ਦਸ ਕਿ ਮੈਂ ਕਦੋਂ ਆਵਾਂ? ਸਲਾਹ ਕਰਕੇ ਮੈਨੂੰ ਫੋਨ ‘ਤੇ ਦੱਸ ਕਿ ਮੈਂ ਕਿਸ ਦਿਨ, ਕਿੰਨੇ ਵਜੇ ਆਵਾਂ?

ਦੋਸਤ ਦਾ ਫੋਨ ਸੁਣ ਕੇ ਰਾਮ ਸਿੰਘ ਨੂੰ  ਚਾਅ ਜਿਹਾ ਚੜ੍ਹ ਗਿਆ | ਜਿਵੇਂ ਉਸ ਦੀ ਜਵਾਨੀ ਫਿਰ ਵਾਪਸ ਆ ਗਈ ਹੋਵੇ | ਪੁਰਾਣੀਆਂ ਯਾਦਾਂ ਚੱਲ ਚਿੱਤਰ ਵਾਂਗ ਘੁੰਮਣ ਲੱਗੀਆਂ |

ਰਾਮ ਸਿੰਘ ਨੇ ਉਸ ਨੂੰ  ਅਪਣੇ ਉਹੋ ਜਵਾਨੀ ਵਾਲੇ ਸੁਭਾਅ ਦੇ ਮੁਤਾਬਿਕ ਖੁਸ਼ੀ ਵਿਚ ਕਿਹਾ, ”ਯਾਰ, ਮੈਂ ਹੁਣੇ ਬੱਚਿਆਂ ਕੋਲੋਂ ਪੁੱਛ ਕੇ ਤੈਨੂੰ ਦਸਦਾ ਹਾਂ | ਤੂੰ ਚਿੰਤਾ ਨਾ ਕਰ, ਮੈਂ ਤੈਨੂੰ ਕੁਝ ਚਿਰ ਬਾਅਦ ਫੋਨ ਕਰਦਾ ਹਾਂ | ਮੇਰੇ ਸਾਰੇ ਬੱਚੇ ਬਹੁਤ ਆਗਿਆਕਾਰੀ ਹਨ, ਸਾਡੇ ਨਾਲ ਮਹਿਸੂਸ ਕਰਕੇ ਵਿਹਾਰ ਕਰਦੇ | ਉਹ ਬਹੁਤ ਮਿਲਣਸਾਰ ਅਤੇ ਚੰਗੇ ਸੰਸਕਾਰਾਂ ਵਾਲੇ ਬੱਚੇ ਹਨ | ਮੈਨੂੰ ਬੜੜੀ ਖੁਸ਼ੀ ਹੈ ਕਿ ਤੂੰ ਕਈਆਂ ਸਾਲਾਂ ਬਾਅਦ ਫੋਨ ਕੀਤਾ ਏ | ਮੈਂ ਤੈਨੂੰ ਹੁਣੇ ਵੀ ਪੁੱਛ ਕੇ ਦੱਸਦਾ ਹਾਂ |

ਰਾਮ ਸਿੰਘ ਨੇ ਖੁਸ਼ੀ-ਖੁਸ਼ੀ ਵਿਚ ਅਪਣੇ ਵੱਡੇ ਪੁੱਤਰ ਨੂੰ  ਕਿਹਾ, ਬੇਟਾ, ਮੇਰਾ ਇਕ ਪੁਰਾਣਾ ਦੋਸਤ ਮੈਨੂੰ ਇਕ-ਦੋ ਦਿਨ ਲਈ ਮਿਲਣ ਲਈ ਆ ਰਿਹਾ ਹੈ | ਉਹ ਨਿਊਯਾਰਕ ਰਹਿੰਦਾ ਹੈ | ਦਸੋਂ ਕਿ ਮੈਂ ਉਸ ਨੂੰ  ਕਿਹੜਾ ਦਿਨ ਅਤੇ ਸਮਾਂ ਦੱਸਾਂ ਆਉਣ ਲਈ | ਬੇਟੇ ਨੇ ਇਕਦਮ ਤਲਖ਼ੀ ਵਿਚ ਤੱਤੇ ਹੁੰਦੇ ਹੋਏ ਨੇ  ਕਿਹਾ, ਡੈਡੀ, ਉਸ ਨੂੰ  ਘਰ ਨਹੀਂ ਬੁਲਾਉਣਾ, ਉਸ ਨੂੰ  ਕਵੋ ਕਿ ਇੱਥੇ ਆਉਣਾ ਹੈ ਤਾਂ ਇਥੇਂ ਹੋਟਲ ਬੁੱਕ ਕਰਵਾ ਲਏ | ਸਾਨੂੰ ਸਮਾਂ ਮਿਲਿਆ ਘੁਮਾਅ ਫਿਰਾਅ ਦੇਵਾਂਗੇ | ਬੇਟੇ ਦੇ ਇਕ ਨਾਕਾਰਤਮਿਕ ਤਿੱਖੇ ਲਫ਼ਜ਼ ਸੁਣਦੇ ਸਾਰ ਹੀ ਰਾਮ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ | ਜਿਵੇਂ ਉਹ ਕਿਸੇ ਦਲ-ਦਲ ਵਿਚ ਧੱਸਿਆ ਗਿਆ ਹੋਵੇ | ਉਦਾਸੀ ਨੇ ਉਸ ਦੀਆਂ ਜੜ੍ਹਾਂ ਹਿਲਾ ਦਿੱਤੀਆਂ | ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ |ਜ਼ਿੰਦਗੀ ਦੇ ਅਰਥ ਹੰਝੂ ਬਣਕੇ ਪਲਕਾਂ ਚੋਂ ਲਟਕਣ ਤੋਂ ਪਹਿਲਾਂ ਹੀ ਪਥੱਰ ਹੋ ਗਏ,ਅਵਸੋਸ ਦੀ ਝੁਨਝੁਣੀਂ ਸਾਰੇ ਜਿਸਮ ਵਿੱਚ ਲਹਿਰਾ ਕੇ ਦਮ ਤੋਡ਼ ਗਈ। ਉਸ ਦੇ ਕਾਹਲੀ ਵਿਚ ਨਿਕਲੇ ਅਚਾਨਕ ਹੰਝੂ, ਪਲਕਾਂ ਤੋਂ ਪਹਿਲਾਂ ਹੀ ਪੱਥਰ ਬਣ ਗਏ | ਉਹ ਗੁੰਮ-ਸੁੰਮ ਜਿਹਾ ਹੋ ਕੇ ਸ਼ਰਮਿੰਦਗੀ ਮਹਿਸੂਸ ਕਰਨ ਲੱਗਾ |

ਉਸ ਨੇ ਅਪਣੀ ਤਿੜਕਵੀਂ ਕੰਬਦੀ ਖੁਸਕ ਆਵਾਜ਼ ਨੂੰ  ਠੀਕ ਕਰਦੇ ਹੋਏ ਇਕ ਨਾਟਕੀ ਢੰਗ ਨਾਲ ਖੂਬਸੂਰਤ ਤਰੀਕੇ ਨਾਲ ਕਿਹਾ, ਹਾਂ, ਬੇਟਾ, ਠੀਕ ਹੈ, ਤੁਹਾਡੀ ਖੁਸ਼ੀ ਵਿਚ ਹੀ ਮੇਰੀ ਖੁਸ਼ੀ ਹੈ|, ਰਾਮ ਸਿੰਘ ਨੇ ਫ਼ਿਰ ਦਵੰਦ ਵਿਚ ਲਟਕਦੇ ਜਜ਼ਬਾਤ ਨੂੰ  ਕਾਬੂ ਕਰਦੇ ਹੋਏ ਅਪਣੇ ਦੂਸਰੇ ਛੋਟੇ ਬੇਟੇ ਨੂੰ  ਫੋਲ ਮਿਲਾਇਆ | ਉਸ ਨੂੰ  ਵੀ ਕਿਹਾ ਕਿ ਮੇਰਾ ਇਕ ਪੁਰਾਣਾ ਦੋਸਤ ਨਿਊਯਾਰਕ ਤੇ ਮੈਨੂੰ ਮਿਲਣ ਲਈ ਆਉਣਾ ਚਾਹੁੰਦਾ ਹੈ, ਇਕ ਦੋ ਦਿਨਾਂ ਲਈ, ਦਸੋਂ ਉਸ ਨੂੰ  ਕੀ ਜਵਾਬ ਦਵਾਂ?

ਉਹ ਸੁਣਦੇ ਸਾਰ ਹੀ ਗੁੰਮ-ਸੁੰਮ ਜਿਹਾ ਹੋ ਗਿਆ | ਉਹ ਕਹਿਣ ਲੱਗਾ ਸੋਚ ਕੇ ਦੱਸਾਂਗਾ |, ਰਾਮ ਸਿੰਘ ਦੇ ਛੋਟੇ ਬੇਟੇ ਦਾ ਕੋਈ ਜਵਾਬ ਨਾ ਆਇਆ | ਰਾਮ ਸਿੰਘ ਸਮਝ ਗਿਆ ਕਿ ਇਹ ਵੀ ਨਹੀਂ ਚਾਹੁੰਦਾ ਕਿ ਮੇਰਾ ਦੋਸਤ ਘਰ ਮਿਲਣ ਲਈ ਆਵੇ |

ਉਸ ਨੇ ਅਪਣੇ ਆਪ ਨੂੰ  ਸੰਭਾਲਦੇ ਹੋਏ ਦਿਲ ਮਜ਼ਬੂਤ ਕਰਦੇ ਹੋਏ ਇਕ ਨਾਟਕੀ ਸੰਵਾਦ ਬਣਾਦੇ ਹੋਏ ਅਪਣੇ ਦੋਸਤ ਨੂੰ  ਫੋਨ ਕਰਦਿਆਂ ਕਿਹਾ, ਪਿਆਰੇ ਦੋਸਤ, ਤੈਨੂੰ ਪਤਾ ਹੀ ਹੈ ਕਿ ਇਥੇੇਂ ਅਪਣੀ ਹੁਕੂਮਤ ਨਹੀਂ ਹੈ | ਇਥੇ ਅਪਣੀਆਂ ਇੱਛਾ ਮੁਤਾਬਿਕ ਨਹੀਂ ਬਲਕਿ ਬੱਚਿਆਂ ਦੇ ਕਹਿਣ ਮੁਤਾਬਿਕ ਹੀ ਰਹਿੰਦਾ ਪੈਂਦਾ ਹੈ | ਅਸੀਂ ਅਪਣੀ ਇੱਛਾ ਮੁਤਾਬਿਕ ਨਹੀਂ ਰਹਿ ਸਕਦੇ | ਕਿਉਂਕਿ ਏਥੋਂ ਦੇ ਰੁਝੇਵੇਂ ਹੀ ਕੁਝ ਇਸ ਤਰ੍ਹਾਂ ਦੇ ਹਨ | ਬਾਕੀ ਤੈਨੂੰ ਸਭ ਪਤਾ ਹੀ ਹੈ | ਤੂੰ ਸਮਝ ਹੀ ਗਿਆ ਹੋਵੇਗਾ | ਅਗਰ ਪੰਜਾਬ ਵਿਚ ਹੁੰਦੇ ਤਾਂ ਮੇਰੀ ਅਪਣੀ ਹੁਕੂਮਤ ਹੋਣੀ ਸੀ | ਤੂੰ ਜਿਥੇ ਕਹਿੰਦਾ ਮੈਂ ਤੇਰੇ ਨਾਲ ਚਲ ਸਕਦਾ ਸੀ | ਤੂੰ ਪੰਜਾਬ ਮੇਰੇ ਕੋਲ ਆਵੀਂ ਫਿਰ ਖੁੱਲ੍ਹ ਕੇ ਘੁੰਮਾਂ ਫਿਰਾਂਗੇ | ਤੂੰ ਸਾਰੀ ਗੱਲ ਸਮਝ ਹੀ ਗਿਆ ਹੋਵੇਗਾ |,,

ਦੋਸਤ ਨੇ ਸਾਰੇ ਹਾਲਾਤ ਸਮਝਦੇ ਹੋਹੇ ਸਰਮਿੰਦਗੀ ਛੁਪਾਂਦੇ ਹੋਏ ਹੱਸਦੇ ਹੋਏ ਨੇ ਜਵਾਬ ਦਿੱਤਾ, ਹਾਂ, ਦੋਸਤ, ਮੈਂ ਵਿਦੇਸ਼ ਵਿਚ ਰਹਿੰਦਿਆਂ ਬੱਚਿਆਂ ਦੇ ਵਿਚਾਰਾਂ, ਸੰਸਕਾਰਾਂ, ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂੰ ਹਾਂ | ਮੈਂ ਵੇਖਾਂਗਾ, ਜੇ ਸਮਾਂ ਲੱਗਾ ਤਾਂ ਹੋਟਲ ਬੁੱਕ ਕਰਵਾ ਕੇ ਹੀ ਆਵਾਂਗਾ |,,

ਮਗਰ ਦੋਸਤ ਆਇਆ ਨਹੀਂ | ਕਿਉਂਕਿ ਉਸ ਨੇ ਮਹਿਸੂਸ ਕਰ ਲਿਆ ਸੀ ਕਿ ਹਕੂਮਤ ਕਿਸ ਦੀ ਹੈ?

 

ਬਲਵਿੰਦਰ ਬਾਲਮ ਗੁਰਦਾਸਪੁਰ

ਉਂਕਾਰ ਨਗਰ, ਗੁਰਦਾਸਪੁਰ ਪੰਜਾਬ

ਐਡਮਿੰਟਨ, ਕਨੇਡਾ, 91-9815625409

You must be logged in to post a comment Login