ਕੈਨੇਡਾ: ਮਹਿਲਾ ਸਣੇ ਤਿੰਨ ਜਣਿਆਂ ਨੇ ਠੇਕੇ ਤੋਂ ਸ਼ਰਾਬ ਲੁੱਟੀ

ਕੈਨੇਡਾ: ਮਹਿਲਾ ਸਣੇ ਤਿੰਨ ਜਣਿਆਂ ਨੇ ਠੇਕੇ ਤੋਂ ਸ਼ਰਾਬ ਲੁੱਟੀ

ਵੈਨਕੂਵਰ, 23 ਅਪਰੈਲ- ਕੈਨੇਡਾ ਵਿੱਚ ਦੋ ਪੁੁਰਸ਼ਾਂ ਤੇ ਇੱਕ ਮਹਿਲਾ ਵੱਲੋਂ ਠੇਕੇ ਤੋਂ ਸ਼ਰਾਬ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਸਬੰਧੀ ਲੰਘੇ ਦਿਨ ਤੋਂ ਵੀਡੀਓ ਵਾਇਰਲ ਹੋਈ ਹੈ, ਜਿਸ ’ਚ ਦੋ ਪੁਰਸ਼ ਤੇ ਇਕ ਔਰਤ ਸ਼ਰਾਬ ਸਟੋਰ (ਠੇਕਾ) ਲੁੱਟਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਮੁਤਾਬਕ ਤਿੰਨੋਂ ਜਣੇ ਵੱਡੇ ਬੈਗ ਵਿੱਚ ਸ਼ਰਾਬ ਦੀਆਂ ਬੋਤਲਾਂ ਪਾ ਕੇ ਬਿਨਾਂ ਅਦਾਇਗੀ ਕੀਤੇ ਜਬਰੀ ਲਿਜਾਣ ਲੱਗਦੇ ਹਨ ਤਾਂ ਉੱਥੇ ਖੜ੍ਹਾ ਇੱਕ ਗੋਰਾ ਗਾਹਕ ਉਨ੍ਹਾਂ ਦੋਵਾਂ ਪੁਰਸ਼ਾਂ ਨੂੰ ਘਸੁੰਨ ਮਾਰ ਕੇ ਰੋਕਣ ਦਾ ਯਤਨ ਕਰਦਾ ਹੈ।

ਇਸ ਦੌਰਾਨ ਔਰਤ ਭਰੇ ਹੋਏ ਬੈਗ ਸਟੋਰ ’ਚੋਂ ਬਾਹਰ ਲਿਜਾਂਦੀ ਵਿਖਾਈ ਦਿੰਦੀ ਹੈ ਤੇ ਸਟੋਰ ਦਾ ਮੈਨੇਜਰ ਸਰੀਰਕ ਨੁਕਸਾਨ ਦੇ ਡਰੋਂ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਉਥੋਂ ਜਾਣ ਦੇਣ ਲਈ ਆਖਦਾ ਹੈ। ਵੀਡੀਓ ’ਚ ਦਿਖਾਈ ਦੇ ਰਹੇ ਤਿੰਨੋਂ ਜਣੇ ਹਰਕਤਾਂ ਤੋਂ ਦੱਖਣ ਏਸ਼ਿਆਈ ਲੱਗਦੇ ਹਨ, ਜਦਕਿ ਵੀਡੀਓ ’ਤੇ ਟਿੱਪਣੀਆਂ ਕਰਨ ਵਾਲਿਆਂ ’ਚੋਂ ਕੁਝ ਉਨ੍ਹਾਂ ਨੂੰ ਪਛਾਣਦੇ ਹੋਏ ਪੰਜਾਬੀ ਮੂਲ ਦੇ ਦੱਸ ਰਹੇ ਹਨ। ਲਿੱਕਰ ਕੰਟਰੋਲ ਬੋਰਡ ਓਂਟਾਰੀਓ ਦੇ ਲੇਬਲ ਵਾਲਾ ਉਕਤ ਠੇਕਾ ਟੋਰਾਂਟੋ ਵਿੱਚ ਦੱਸਿਆ ਜਾ ਰਿਹਾ ਹੈ ਪਰ ਟੋਰਾਂਟੋ ਪੁਲੀਸ ਨੇ ਇਸ ਬਾਰੇ ਚੁੱਪ ਸਾਧੀ ਹੋਈ ਹੈ। ਓਂਟਾਰੀਓ ’ਚ ਸ਼ਰਾਬ ਵਿਕਰੀ ਦਾ ਸਾਰਾ ਕੰਟਰੋਲ ਸੂਬਾ ਸਰਕਾਰ ਕੋਲ ਹੈ ਤੇ ਸਾਰੇ ਸ਼ਰਾਬ ਸਟੋਰਾਂ (ਠੇਕਿਆਂ) ਦਾ ਸੰਚਾਲਨ ਵੀ ਸਰਕਾਰ ਹੀ ਕਰਦੀ ਹੈ। ਵਾਇਰਲ ਹੋਈ ਇਹ ਵੀਡੀਓ ਸਟੋਰ ਅੰਦਰਲੇ ਸੀਸੀਟੀਵੀ ਕੈਮਰਿਆਂ ਚੋਂ ਲਈ ਗਈ ਹੈ। ਦੂਜੇ ਪਾਸੇ ਪੰਜਾਬੀ ਭਾਈਚਾਰੇ ਵਲੋਂ ਇਸ ਘਟਨਾ ਨੂੰ ਮੰਦਭਾਗਾ ਤੇ ਭਾਈਚਾਰੇ ਨੂੰ ਸ਼ਰਮਸਾਰ ਕਰਨ ਵਾਲਾ ਕਾਰਾ ਕਿਹਾ ਜਾ ਰਿਹਾ ਹੈ।

You must be logged in to post a comment Login