ਜੈਸ਼ੰਕਰ ਵੱਲੋਂ ਅਮਰੀਕਾ ਤੇ ਕੈਨੇਡਾ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ

ਜੈਸ਼ੰਕਰ ਵੱਲੋਂ ਅਮਰੀਕਾ ਤੇ ਕੈਨੇਡਾ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ

ਮਿਊਨਿਖ, 18 ਫਰਵਰੀ- ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਜਰਮਨੀ ਵਿੱਚ ਮਿਊਨਿਖ ਸੁਰੱਖਿਆ ਸੰਮੇਲਨ ਦੌਰਾਨ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਤੇ ਕੈਨੇਡਿਆਈ ਹਮਰੁਤਬਾ ਮੈਲਾਨੀ ਜੌਲੀ ਨਾਲ ਮੁਲਾਕਾਤ ਕਰਕੇ ਲਾਲ ਸਾਗਰ ’ਚ ਸਮੁੰਦਰੀ ਆਵਾਜਾਈ ਨਿਰਵਿਘਨ ਤੇ ਸੁਰੱਖਿਅਤ ਬਣਾਉਣ ਅਤੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਸਮੇਤ ਹੋਰ ਆਲਮੀ ਮੁੱਦਿਆਂ ਬਾਰੇ ਚਰਚਾ ਕੀਤੀ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿੱਲਰ ਨੇ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਕਿਹਾ, ‘ਬਲਿੰਕਨ ਤੇ ਜੈਸ਼ੰਕਰ ਨੇ ਲਾਲ ਸਾਗਰ ’ਚ ਸਮੁੰਦਰੀ ਆਵਾਜਾਈ ਸੁਰੱਖਿਅਤ ਬਣਾਉਣ ਦੀ ਲੋੜ ’ਤੇ ਚਰਚਾ ਕੀਤੀ।’ ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਬਲਿੰਕਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲਾਲ ਸਾਗਰ ’ਚ ਸਮੁੰਦਰੀ ਸੁਰੱਖਿਆ ਦੇ ਖੇਤਰ ’ਚ ਅਮਰੀਕਾ ਤੇ ਭਾਰਤ ਦਾ ਰੁਖ਼ ਇੱਕੋ ਜਿਹਾ ਹੈ ਅਤੇ ਉਹ ਖੇਤਰ ਵਿੱਚ ਆਰਥਿਕ ਸਥਿਰਤਾ ਦੀ ਰਾਖੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮਿੱਲਰ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ’ਚ ਸਥਾਈ ਸ਼ਾਂਤੀ ਤੇ ਸੁਰੱਖਿਆ ਯਕੀਨੀ ਬਣਾਉਣ ਦੀ ਦਿਸ਼ਾ ’ਚ ਜਾਰੀ ਕੰਮਾਂ ਬਾਰੇ ਵੀ ਚਰਚਾ ਕੀਤੀ। ਕੈਨੇਡਾ ’ਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਬਾਰੇ ਚੱਲ ਰਹੇ ਕੂਟਨੀਤਕ ਵਿਵਾਦ ਵਿਚਾਲੇ ਜੈਸ਼ੰਕਰ ਨੇ ਆਪਣੀ ਕੈਨੇਡਿਆਈ ਹਮਰੁਤਬਾ ਮੈਲਾਨੀ ਜੌਲੀ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧਾਂ ਦੀ ਮੌਜੂਦਾ ਸਥਿਤੀ ਤੇ ਆਲਮੀ ਮੁੱਦਿਆਂ ਬਾਰੇ ਚਰਚਾ ਕੀਤੀ। ਜੈਸ਼ੰਕਰ ਨੇ ਐਕਸ ’ਤੇ ਪੋਸਟ ਕੀਤਾ, ‘ਮਿਊਨਿਖ ਸੁਰੱਖਿਆ ਸੰਮੇਲਨ 2024 ਮੌਕੇ ਕੈਨੇਡਾ ਦੀ ਆਪਣੀ ਹਮਰੁਤਬਾ ਵਿਦੇਸ਼ ਮੰਤਰੀ ਮੈਲਾਨੀ ਜੌਲੀ ਨਾਲ ਮੁਲਾਕਾਤ ਕੀਤੀ। ਸਾਡੀ ਗੱਲਬਾਤ ਸਪੱਸ਼ਟ ਤੌਰ ’ਤੇ ਸਾਡੇ ਦੁਵੱਲੇ ਸਬੰਧਾਂ ਦੀ ਮੌਜੂਦਾ ਸਥਿਤੀ ’ਤੇ ਕੇਂਦਰਿਤ ਸੀ।

You must be logged in to post a comment Login