ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਐਕਸ਼ਨ ਫ਼ਿਲਮ ਹੈ ‘ਖਿਡਾਰੀ’ : ਗੁਰਨਾਮ ਭੁੱਲਰ

ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਐਕਸ਼ਨ ਫ਼ਿਲਮ ਹੈ ‘ਖਿਡਾਰੀ’ : ਗੁਰਨਾਮ ਭੁੱਲਰ

ਗੁਰਨਾਮ ਭੁੱਲਰ, ਕਰਤਾਰ ਚੀਮਾ ਤੇ ਸੁਰਭੀ ਜੋਤੀ ਸਟਾਰਰ ਪੰਜਾਬੀ ਫ਼ਿਲਮ ‘ਖਿਡਾਰੀ’ 9 ਫਰਵਰੀ ਨੂੰ ਦੁਨੀਆ ਭਰ ’ਚ ਵੱਸਦੇ ਪੰਜਾਬੀ ਦਰਸ਼ਕਾਂ ਲਈ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਕੁਸ਼ਤੀ ਦੀ ਖੇਡ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਲਈ ਗੁਰਨਾਮ ਭੁੱਲਰ ਨੇ ਅਸਲ ’ਚ ਕੁਸ਼ਤੀ ਸਿੱਖੀ ਹੈ। ਗੁਰਨਾਮ ਭੁੱਲਰ ਨੇ ਫ਼ਿਲਮ ’ਚ ਆਪਣੇ ਕਿਰਦਾਰ ਲਈ ਖ਼ੁਦ ’ਤੇ ਕੀਤੇ ਤਜਰਬੇ ਨੂੰ ਸਾਂਝਾ ਕੀਤਾ ਹੈ। ਗੁਰਨਾਮ ਨੇ ਕਿਹਾ, ‘‘ਮੈਂ ਕਾਫ਼ੀ ਸਮੇਂ ਤੋਂ ਐਕਸ਼ਨ ਫ਼ਿਲਮ ਕਰਨਾ ਚਾਹੁੰਦਾ ਸੀ। ਮੈਨੂੰ ਲਾਰਜਰ ਦੈਨ ਲਾਈਫ ਐਕਸ਼ਨ ਵੀ ਵਧੀਆ ਲੱਗਦਾ ਹੈ ਪਰ ਉਸ ’ਚ ਵਧੀਆ ਕਹਾਣੀ ਹੋਣੀ ਚਾਹੀਦੀ ਹੈ। ਮੈਂ ਚਾਹੁੰਦਾ ਸੀ ਕਿ ਪੰਜਾਬ ਦੀ ਐਕਸ਼ਨ ਫ਼ਿਲਮ ਬਣਾ ਰਿਹਾ ਹਾਂ ਤਾਂ ਇਹ ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਹੋਣੀ ਚਾਹੀਦੀ ਹੈ।’’ ਗੁਰਨਾਮ ਨੇ ਅੱਗੇ ਕਿਹਾ, ‘‘ਐਕਸ਼ਨ ਸਾਡੇ ਖ਼ੂਨ ’ਚ ਹੈ। ਜਦੋਂ ਅਸੀਂ ਕਹਾਣੀ ਚੁਣੀ ਤਾਂ ਇਹ ਖੇਡਾਂ ’ਤੇ ਆਧਾਰਿਤ ਸੀ। ਅਸੀਂ ਫਿਰ ਕੁਸ਼ਤੀ ਚੁਣੀ ਤੇ ਇਸ ਚੱਕਰ ’ਚ ਮੈਂ ਕੁਸ਼ਤੀ ਸਿੱਖੀ ਤਾਂ ਕਿ ਸਕ੍ਰੀਨ ’ਤੇ ਇਹ ਨਕਲੀ ਨਾ ਲੱਗੇ। 3-4 ਮਹੀਨੇ ਲਗਾ ਕੇ ਮੈਨੂੰ ਇੰਨੀ ਸਮਝ ਆ ਗਈ ਕਿ ਇਹ ਸਕ੍ਰੀਨ ’ਤੇ ਵਧੀਆ ਲੱਗੇਗੀ।’’ ਗੁਰਨਾਮ ਮੁਤਾਬਕ ਐਕਸ਼ਨ ਦੇ ਨਾਲ-ਨਾਲ ‘ਖਿਡਾਰੀ’ ਇਕ ਪਰਿਵਾਰਕ ਫ਼ਿਲਮ ਹੈ, ਇਹ ਭਰਾਵਾਂ ਦੀ ਫ਼ਿਲਮ ਹੈ। ਕਿਵੇਂ ਇਕ ਬੰਦਾ ਮੈਦਾਨ ਦੀ ਖੇਡ ਦੇ ਨਾਲ-ਨਾਲ ਜ਼ਿੰਦਗੀ ਦੀ ਖੇਡ ਵੀ ਖੇਡਦਾ ਹੈ। ਇਮੋਸ਼ਨ, ਡਰਾਮਾ ਤੇ ਐਕਸ਼ਨ ਤਿੰਨੇ ਚੀਜ਼ਾਂ ਫ਼ਿਲਮ ’ਚ ਦੇਖਣ ਨੂੰ ਮਿਲਣਗੀਆਂ। ਗੁਰਨਾਮ ਨੇ ਅਸਲੀ ਭਲਵਾਨਾਂ ਨਾਲ ਸ਼ੂਟਿੰਗ ਕੀਤੀ ਹੈ। ਇਸ ਦੇ ਨਾਲ ਹੀ ਗੁਰਨਾਮ ਨੇ ਬਾਡੀ ਡਬਲ ਦੀ ਵਰਤੋਂ ਵੀ ਨਹੀਂ ਕੀਤੀ ਹੈ।

You must be logged in to post a comment Login