ਪੰਜਾਬ ਨੇ ਗੁਜਰਾਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਪੰਜਾਬ ਨੇ ਗੁਜਰਾਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਅਹਿਮਦਾਬਾਦ, 5 ਅਪਰੈਲ- ਪੰਜਾਬ ਕਿੰਗਜ਼ ਨੇ ਅੱਜ ਇੱਥੇ ਰੋਮਾਂਚਕ ਆਈਪੀਐੱਲ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਟਾਈਟਨਜ਼ ਦੇ 200 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਟੀਮ ਨੂਰ ਅਹਿਮਦ (32 ਦੌੜਾਂ ’ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 13ਵੇਂ ਓਵਰ ’ਚ 111 ਦੌੜਾਂ ’ਤੇ ਪੰਜ ਵਿਕਟਾਂ ਗੁਆ ਕੇ ਮੁਸ਼ਕਲਾਂ ’ਚ ਘਿਰ ਗਈ ਸੀ ਪਰ ਸ਼ਸ਼ਾਂਕ ਨੇ 29 ਗੇਂਦਾਂ ਵਿੱਚ ਛੇ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਨਾਬਾਦ 61 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਸੱਤ ਵਿਕਟਾਂ ’ਤੇ 200 ਦੌੜਾਂ ਦੇ ਜੇਤੂ ਸਕੋਰ ਤੱਕ ਪਹੁੰਚਾਇਆ। ਸ਼ਸ਼ਾਂਕ ਨੇ ਪੰਜਾਬ ਲਈ ਜਿਤੇਸ਼ ਸ਼ਰਮਾ (ਅੱਠ ਗੇਂਦਾਂ ਵਿੱਚ ਦੋ ਛੱਕਿਆਂ ਦੀ ਮਦਦ ਨਾਲ 16 ਦੌੜਾਂ) ਨਾਲ ਛੇਵੀਂ ਵਿਕਟ ਲਈ 39 ਦੌੜਾਂ ਅਤੇ ਆਸ਼ੂਤੋਸ਼ ਸ਼ਰਮਾ (17 ਗੇਂਦਾਂ ਵਿੱਚ ਤਿੰਨ ਛੱਕੇ ਅਤੇ ਇੱਕ ਚੌਕੇ ਦੀ ਮਦਦ ਨਾਲ 31 ਦੌੜਾਂ) ਨਾਲ ਸੱਤਵੀਂ ਵਿਕਟ ਲਈ 43 ਦੌੜਾਂ ਦੀ ਭਾਈਵਾਲੀ ਕੀਤੀ। ਪੰਜਾਬ ਵੱਲੋਂ ਸ਼ਸ਼ਾਂਕ, ਆਸ਼ੂਤੋਸ਼ ਤੇ ਜਿਤੇਸ਼ ਤੋਂ ਇਲਾਵਾ ਪ੍ਰਭਸਿਮਰਨ ਸਿੰਘ ਨੇ 35 ਅਤੇ ਬੇਅਸਟੋਅ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਗੁਜਰਾਤ ਲਈ ਨੂਰ ਅਹਿਮਦ ਨੇ ਦੋ ਅਤੇ ਅਜ਼ਮਤੁੱਲ੍ਹਾ ਓਮਰਜ਼ਈ, ਉਮੇਸ਼ ਯਾਦਵ, ਰਾਸ਼ਿਦ ਖਾਨ, ਮੋਹਿਤ ਸ਼ਰਮਾ ਤੇ ਦਰਸ਼ਨ ਨਾਲਕੰਡੇ ਨੇ ਇੱਕ-ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਕਪਤਾਨ ਸ਼ੁਭਮਨ ਗਿੱਲ ਦੇ ਨੀਮ ਸੈਂਕੜੇ ਦੀ ਮਦਦ ਨਾਲ ਗੁਜਰਾਤ ਟਾਈਟਨਜ਼ ਨੇ ਚਾਰ ਵਿਕਟਾਂ ‘ਤੇ 199 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ। ਗਿੱਲ ਨੇ 48 ਗੇਂਦਾਂ ਵਿੱਚ ਚਾਰ ਛੱਕਿਆਂ ਅਤੇ ਛੇ ਚੌਕਿਆਂ ਦੀ ਮਦਦ ਨਾਲ 89 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਸ ਨੇ ਰਾਹੁਲ ਤਿਵਾਤੀਆ (ਅੱਠ ਗੇਂਦਾਂ ਵਿੱਚ ਨਾਬਾਦ 23) ਨਾਲ 14 ਗੇਂਦਾਂ ’ਚ 35 ਦੌੜਾਂ ਦੀ ਭਾਈਵਾਲੀ ਕੀਤੀ ਅਤੇ ਟੀਮ ਦੇ ਸਕੋਰ ਨੂੰ 200 ਦੌੜਾਂ ਦੇ ਨੇੜੇ ਪਹੁੰਚਾਇਆ। ਪੰਜਾਬ ਲਈ ਕਾਗਿਸੋ ਰਬਾਡਾ ਅਤੇ ਹਰਸ਼ਲ ਪਟੇਲ ਦੋਵਾਂ ਨੇ ਚਾਰ ਓਵਰਾਂ ’ਚ 44-44 ਦੌੜਾਂ ਦਿੱਤੀਆਂ। ਰਬਾਡਾ ਨੇ ਦੋ ਜਦਕਿ ਹਰਸ਼ਲ ਨੇ ਇਕ ਵਿਕਟ ਲਈ। ਚੌਥੀ ਵਿਕਟ ਹਰਪ੍ਰੀਤ ਬਰਾੜ ਨੇ ਲਈ।

You must be logged in to post a comment Login