ਬਿਨਾਂ ਡਰਾਈਵਰ ਦੇ 78 ਕਿਲੋਮੀਟਰ ਦੌੜੀ ਮਾਲ ਗੱਡੀ

ਬਿਨਾਂ ਡਰਾਈਵਰ ਦੇ 78 ਕਿਲੋਮੀਟਰ ਦੌੜੀ ਮਾਲ ਗੱਡੀ

ਮੁਕੇਰੀਆਂ, 25 ਫਰਵਰੀ- ਜੰਮੂ ਤੋਂ ਆਉਂਦੀ ਮਾਲ ਗੱਡੀ ਅੱਜ ਬਿਨਾਂ ਡਰਾਈਵਰ ਦੇ ਇੱਥੇ ਪੁੱਜ ਗਈ। ਮਾਲ ਗੱਡੀ ਦਾ ਡਰਾਈਵਰ ਇਸ ਨੂੰ ਸਟਾਰਟ ਕਰ ਕੇ ਹੈਂਡ ਬਰੇਕ ਲਾਉਣਾ ਭੁੱਲ ਗਿਆ ਜਿਸ ਕਾਰਨ ਇਹ ਗੱਡੀ ਆਪੇ ਹੀ ਰੇਲ ਪਟੜੀ ’ਤੇ ਦੌੜ ਪਈ ਤੇ ਕਈ ਸਟੇਸ਼ਨਾਂ ਨੂੰ ਪਾਰ ਕਰਦੀ ਹੋਈ ਮੁਕੇਰੀਆਂ ਦਸੂਹਾ ਦਰਮਿਆਨ ਪੈਂਦੇ ਕਸਬਾ ਉੱਚੀ ਬੱਸੀ ਰੇਲਵੇ ਸਟੇਸ਼ਨ ’ਤੇ ਲੱਕੜੀ ਦੇ ਸਟਾਪਰ ਲਾ ਕੇ ਰੋਕਿਆ ਗਿਆ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਇਸ ਮਾਮਲੇ ਦੀ ਰੇਲ ਅਧਿਕਾਰੀ ਜਾਂਚ ਕਰ ਰਹੇ ਹਨ। ਦੂਜੇ ਪਾਸੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।ਇਹ ਮਾਲ ਗੱਡੀ ਕਰੀਬ 80 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਚੱਲੀ ਤੇ ਇਸ ਮਾਲ ਗੱਡੀ ਕਾਰਨ ਤਿੰਨ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਦੱਸਣਯੋਗ ਹੈ ਕਿ ਬਿਨਾਂ ਰੇਲ ਡਰਾਈਵਰ ਦੇ ਕਠੂਆ ਤੋਂ ਰਵਾਨਾ ਹੋਣ ਵਾਲੀ ਮਾਲ ਗੱਡੀ ਨੂੰ ਰੋਕਣ ਲਈ ਜਲੰਧਰ ਤੱਕ ਦੇ ਸਾਰੇ ਸਟੇਸ਼ਨਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਸੀ। ਖਾਲੀ 53 ਡੱਬਿਆਂ ਨਾਲ ਚੱਲ ਰਹੀ ਗੱਡੀ ਨੂੰ ਰੋਕਣ ਲਈ ਕਠੂਆ ਤੋਂ ਬਾਅਦ ਰੇਲਵੇ ਲਾਈਨ ‘ਤੇ ਪੈਂਦੇ ਹਰ ਸਟੇਸ਼ਨ ’ਤੇ ਯਤਨ ਕੀਤੇ ਗਏ। ਜਾਣਕਾਰੀ ਮਿਲਦੇ ਹੀ ਜਲੰਧਰ ਤੋਂ ਮੁਕੇਰੀਆਂ ਜਾਣ ਵਾਲੇ ਟ੍ਰੈਫਿਕ ਇੰਸਪੈਕਟਰ ਉੱਚੀ ਬੱਸੀ ਸਟੇਸ਼ਨ ‘ਤੇ ਪਹੁੰਚ ਗਏ ਸਨ। ਰੇਲ ਗੱਡੀ ਦੇ ਉੱਚੀ ਬੱਸੀ ਨੇੜੇ ਰੁਕਣ ਤੋਂ ਬਾਅਦ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਕੋਈ ਵੀ ਅਧਿਕਾਰੀ ਇਸ ਮਾਮਲੇ ’ਤੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ। ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਦੇ ਕਠੂਆ ਸਟੇਸ਼ਨ ’ਤੇ ਖੜ੍ਹੀ ਮਾਲ ਗੱਡੀ ਦਾ ਡਰਾਈਵਰ ਮਾਲਗੱਡੀ ਦਾ ਇੰਜਣ ਸਟਾਰਟ ਕਰਕੇ ਬਿਨ੍ਹਾਂ ਹੈਂਡ ਬ੍ਰੇਕ ਲਗਾਇਆ ਅਚਾਨਕ ਕਿਸੇ ਕਾਰਨ ਹੇਠਾਂ ਉੱਤਰ ਗਿਆ। ਗੱਡੀ ਢਲਾਨ ’ਤੇ ਖੜ੍ਹੀ ਹੋਣ ਕਾਰਨ ਇਹ ਬਿਨਾਂ ਡਰਾਈਵਰ ਹੀ ਪਠਾਨਕੋਟ ਨੂੰ ਚੱਲ ਪਈ ਅਤੇ ਹੌਲੀ ਹੌਲੀ ਵਧੀ ਸਪੀਡ 80 ਕਿਲੋਮੀਟਰ ਤੱਕ ਜਾ ਪੁੱਜੀ। ਜੰਮੂ ਰੇਲਵੇ ਡਿਵੀਜ਼ਨ ਦੇ ਟ੍ਰੈਫਿਕ ਮੈਨੇਜਰ ਅਸ਼ੋਕ ਕੁਮਾਰ ਸਿਨਹਾ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਦੋਸ਼ੀ ਪਾਏ ਜਾਣ ਵਾਲੇ ਮੁਲਾਜ਼ਮ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

You must be logged in to post a comment Login