ਸਿੱਧੂ ਮੂਸੇਵਾਲਾ ਦੀ ਮਾਂ ਮਾਰਚ ਮਹੀਨੇ ਬੱਚੇ ਨੂੰ ਦੇਵੇਗੀ ਜਨਮ

ਸਿੱਧੂ ਮੂਸੇਵਾਲਾ ਦੀ ਮਾਂ ਮਾਰਚ ਮਹੀਨੇ ਬੱਚੇ ਨੂੰ ਦੇਵੇਗੀ ਜਨਮ

ਮਾਨਸਾ, 27 ਫਰਵਰੀ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਖੇੜੇ ਆਉਣ ਵਾਲੇ ਹਨ। ਉਸ ਦੇ ਮਾਤਾ ਚਰਨ ਕੌਰ ਅਗਲੇ ਮਹੀਨੇ ਬੱਚੇ ਨੂੰ ਜਨਮ ਦੇਵੇਗੀ। ਉਨ੍ਹਾਂ ਨੇ ਆਈਵੀਐੱਫ ਵਿਧੀ ਨੂੰ ਅਪਣਾਇਆ ਹੈ ਅਤੇ ਫਿਲਹਾਲ ਉਹ ਮੈਡੀਕਲ ਟੀਮ ਦੀ‌ ਨਿਗਰਾਨੀ ਹੇਠ ਸਿਹਤ ਪੱਖੋਂ ਬਿਲਕੁਲ ਤੰਦਰੁਸਤ ਹਨ। 58 ਸਾਲਾਂ ਚਰਨ ਕੌਰ ਦੀ ਕੁੱਖੋਂ ਸੁਭਦੀਪ ਸਿੰਘ ਨੇ ਜਨਮ ਲਿਆ ਸੀ, ਜੋ ਜਵਾਨ ਹੋਕੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੋਇਆ ਪਰ 29 ਮਈ 2022 ਨੂੰ ਉਸ ਦਾ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਕਤਲ ਕਰ ਦਿੱਤਾ ਗਿਆ। ਉਸ ਸਮੇਂ ਪਰਿਵਾਰ ਦੇ ਇਸ ਇੱਕਲੌਤੇ ਪੁੱਤ ਦੇ ਜਾਣ ਦਾ ਸਾਰੇ ਪਾਸਿਓਂ ਬਹੁਤ ਦੁੱਖ ਮਨਾਇਆ ਗਿਆ ਸੀ ਅਤੇ ਲੋਕਾਂ ਵਲੋਂ ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਮੁੜ ਨਵੇਂ ਸਿਰੇ ਤੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਨ ਲਈ ਆਖਿਆ ਜਾ ਰਿਹਾ ਸੀ। ਮੂਸੇਵਾਲਾ ਦੇ ਮਾਤਾ ਚਰਨ ਕੌਰ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਮਿਲ ਵੀ ਨਹੀਂ ਰਹੇ ਸਨ। ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਘਰ ਵਿੱਚ ਬੱਚੇ ਦੇ ਮਾਰਚ ਮਹੀਨੇ ਜਨਮ ਲੈਣ ਦੀ ਪੁਸ਼ਟੀ ਕੀਤੀ ਹੈ।

 

You must be logged in to post a comment Login