ਹਸਪਤਾਲ ਲਿਆਂਦਾ ਗੈਂਗਸਟਰ ਰਾਜੂ ਸ਼ੂਟਰ ਹਥਿਆਰਬੰਦ ਸਾਥੀਆਂ ਨਾਲ ਫ਼ਰਾਰ

ਹਸਪਤਾਲ ਲਿਆਂਦਾ ਗੈਂਗਸਟਰ ਰਾਜੂ ਸ਼ੂਟਰ ਹਥਿਆਰਬੰਦ ਸਾਥੀਆਂ ਨਾਲ ਫ਼ਰਾਰ

ਤਰਨ ਤਾਰਨ, 18 ਅਪਰੈਲ- ਇਥੋਂ ਦੇ ਸਿਵਲ ਹਸਪਤਾਲ ਵਿਚ ਦਾਖਲ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਵਾਸੀ ਸੰਘਾ ਆਪਣੇ ਤਿੰਨ ਹਥਿਆਰਬੰਦ ਸਾਥੀਆਂ ਦੀ ਮਦਦ ਨਾਲ ਬੀਤੀ ਰਾਤ ਫ਼ਰਾਰ ਹੋ ਗਿਆ। ਇਲਾਕੇ ਦੇ ਪਿੰਡ ਢੋਟੀਆਂ ਦੀ ਸਟੇਟ ਬੈਂਕ ਆਫ਼ ਇੰਡੀਆ ਸਾਖਾ ’ਚ ਡਕੈਤੀ ਕੋਸ਼ਿਸ਼ ਤੋਂ ਇਲਾਵਾ ਦਰਜਨ ਦੇ ਕਰੀਬ ਅਪਰਾਧੀ ਵਾਰਦਾਤਾਂ ਵਿਚ ਸ਼ਾਮਲ ਰਾਜੂ ਸ਼ੂਟਰ ਨੂੰ ਕੁਝ ਚਿਰ ਪਹਿਲਾਂ ਤਰਨ ਤਾਰਨ ਦੀ ਸੀਆਈਏ ਸਟਾਫ਼ ਪੁਲੀਸ ਨੇ ਝਬਾਲ ਇਲਾਕੇ ਤੋਂ ਮੁਕਾਬਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਉਹ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਚ ਬੰਦ ਸੀ ਅਤੇ ਉਸ ਦੀ ਲੱਤ ਵਿਚ ਪਿਆ ਸਰੀਆ ਬਾਹਰ ਕੱਢਣ ਲਈ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ, ਜਿਥੇ ਉਸ ਲਈ ਤਿੰਨ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ। ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਰਾਜੂ ਸ਼ੂਟਰ ਅੱਧੀ ਰਾਤ ਨੂੰ ਦੋ ਮੋਟਰ ਸਾਈਕਲਾਂ ’ਤੇ ਆਏ ਆਪਣੇ ਤਿੰਨ ਹਥਿਆਰਬੰਦ ਸਾਥੀਆਂ ਨਾਲ ਹਸਪਤਾਲ ’ਚੋਂ ਫ਼ਰਾਰ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਵਾਰਦਾਤ ਮੌਕੇ ਤਾਇਨਤਾ ਸੁਰੱਖਿਆ ਮੁਲਜ਼ਮਾਂ ਵਿਚੋਂ 2 ਹੀ ਹਾਜ਼ਰ ਸਨ। ਡੀਐੱਸਪੀ ਤਰਸੇਮ ਮਸੀਹ ਨੇ ਦੱਸਿਆ ਕਿ ਇਸ ਸਬੰਧੀ ਰਾਜੂ ਸ਼ੂਟਰ ਤੇ ਉਸ ਦੇ ਸਾਥੀ ਗੁਲਾਬ ਸਿੰਘ ਤੋਂ ਇਲਾਵਾ ਦੀ ਹੋਰਾਂ ਖ਼ਿਲਾਫ਼਼ ਅਸਲਾ ਐਕਟ ਸਮੇਤ ਦਫ਼ਾ 224, 341, 50 ਅਧੀਨ ਕੇਸ ਦਰਜ ਕਰ ਲਿਆ ਹੈ।

You must be logged in to post a comment Login