ʻਸੁਪਰ ਸਟਾਰ ਸਿੰਗਰ-2ʼ ਵਿਚ ਸੁਰਾਂ ਦੀ ਛਹਿਬਰ

ʻਸੁਪਰ ਸਟਾਰ ਸਿੰਗਰ-2ʼ ਵਿਚ ਸੁਰਾਂ ਦੀ ਛਹਿਬਰ
ਪ੍ਰੋ. ਕੁਲਬੀਰ ਸਿੰਘ
Mob. : 9417153513

ਸੁਪਰ ਸਟਾਰ ਸਿੰਗਰ-2 ਵਿਚ ਗਾ ਰਹੇ ਛੋਟੀ-ਛੋਟੀ ਉਮਰ ਦੇ ਬੱਚਿਆਂ ਦੀ ਸੰਗੀਤ-ਸਮਝ, ਸੁਰੀਲੀ ਆਵਾਜ਼ ਅਤੇ ਸਵੈ-ਵਿਸ਼ਵਾਸ ʼਤੇ ਹੈਰਾਨੀ ਹੁੰਦੀ ਹੈ। ਸਖ਼ਤ ਮੁਕਾਬਲੇ ਵਿਚੋਂ ਛਣ ਕੇ ਇਥੋਂ ਤੱਕ ਪੁੱਜੇ ਬਾਲ-ਕਲਾਕਾਰਾਂ ਦਰਮਿਆਨ ਅੱਗੇ ਵੀ ਸਖ਼ਤ ਮੁਕਾਬਲਾ ਹੈ। ਬੱਚਿਆਂ ਦੀ ਕੁਦਰਤੀ ਪ੍ਰਤਿਭਾ, ਮਿਹਨਤ ਅਤੇ ਰਿਆਜ਼ ਦੇ ਬਲ ʼਤੇ ਪ੍ਰੋਗਰਾਮ ਦਿਲਚਸਪ ਮੋੜ ʼਤੇ ਪਹੁੰਚ ਗਿਆ ਹੈ। ਹੁਣ ਤੱਕ ਸੁਪਰ ਸਟਾਰ ਸਿੰਗਰ-2 ਨੇ ਲੱਖਾਂ ਕਰੋੜਾਂ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਲਿਆ ਹੈ। ਜਿਹੜਾ ਇਕ ਵਾਰ ਇਹ ਪ੍ਰੋਗਰਾਮ ਵੇਖ ਲੈਂਦਾ ਹੈ। ਉਹ ਬਾਲ-ਕਲਾਕਾਰਾਂ ਦੀ ਗਾਇਨ ਕਲਾ ਦਾ ਚਹੇਤਾ ਬਣ ਜਾਂਦਾ ਹੈ।ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੁਆਰਾ ਪ੍ਰਸਾਰਿਤ ਕੀਤੇ ਜਾ ਰਹੇ ਇਸ ਰਿਆਲਟੀ ਸ਼ੋਅ ਵਿਚ 6 ਤੋਂ 16 ਸਾਲ ਉਮਰ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜਨਵਰੀ 2022 ਵਿਚ ਪ੍ਰੋਗਰਾਮ ਲਈ ਬੱਚਿਆਂ ਦੀ ਚੋਣ ਆਰੰਭ ਕੀਤੀ ਗਈ ਸੀ ਅਤੇ 3 ਅਪ੍ਰੈਲ ਨੂੰ ਇਸਦੀ ਪਹਿਲੀ ਕੜੀ ਪ੍ਰਸਾਰਿਤ ਹੋਈ ਸੀ। ਇਸ ਸ਼ੋਅ ਦਾ ਦਿਲਚਸਪ ਤੇ ਆਕਰਸ਼ਕ ਪਹਿਲੂ ਇਹ ਵੀ ਹੈ ਕਿ ਇੰਡੀਅਨ ਆਈਡਲ ਦੇ ਪਿਛਲੇ ਸਾਲਾਂ ਦੇ ਬਿਹਤਰੀਨ ਗਾਇਕ ਕਲਾਕਾਰਾਂ ਪਵਨ, ਅਰੁਨੀਤਾ, ਸਿਆਲੀ, ਸਲਮਾਨ ਅਤੇ ਦਾਨਿਸ਼ ਨੂੰ ਪ੍ਰੋਗਰਾਮ ਨਾਲ ਜੋੜ ਕੇ ਬਾਲ ਕਲਾਕਾਰਾਂ ਨੂੰ ਪੰਜ ਟੀਮਾਂ ਵਿਚ ਵੰਡਿਆ ਗਿਆ ਹੈ। ਟੀਮਾਂ ਦੇ ਨਾਂ ਰੱਖੇ ਗਏ ਹਨ ਪਵਨ ਕੇ ਪਟਾਕੇ, ਅਰੁਨੀਤਾ ਕੇ ਅਜੂਬੇ, ਸਿਆਲੀ ਕੇ ਸੋਲਜ਼ਰਸ, ਸਲਮਾਨ ਕੇ ਸੁਲਤਾਨ ਅਤੇ ਦਾਨਿਸ਼ ਕੇ ਦਬੰਗ।

            ਸਾਰੇ ਬਾਲ-ਕਲਾਕਾਰ ਦੇਸ਼ ਦੇ ਵੱਖ-ਵੱਖ ਰਾਜਾਂ ਵਿਚੋਂ ਹਨ। ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਵਿਚ 3-4 ਬੱਚੇ ਪੰਜਾਬ ਦੇ ਸ਼ਾਮਲ ਹਨ ਜਿਹੜੇ ਬੇਹੱਦ ਪ੍ਰਤਿਭਾਵਾਨ ਹਨ ਅਤੇ ਸਖ਼ਤ ਟੱਕਰਦੇ ਰਹੇ ਹਨ। ਸ਼ੋਅ ਦਾ ਥੀਮ ʻਸੁਪਰਸਟਾਰ ਸਿੰਗਰʼ ਰੱਖਿਆ ਗਿਆ ਹੈ। ਇਸਨੂੰ 34 ਕੜੀਆਂ ਵਿਚ ਖ਼ਤਮ ਕੀਤਾ ਜਾਣਾ ਹੈ। ਜੱਜਾਂ ਵਿਚ ਹਿਮੇਸ਼ ਰੇਸ਼ਮੀਆ, ਅਲਕਾ ਯਾਗਨਿਕ ਅਤੇ ਜਾਵੇਦ ਅਲੀ ਸ਼ਾਮਲ ਹਨ। ਹਰੇਮ ਕੜੀ ਵਿਚ ਫ਼ਿਲਮ ਜਗਤ ਦੇ ਨਵੇਂ ਪੁਰਾਣੇ ਪ੍ਰਸਿੱਧ ਅਦਾਕਾਰ ਅਤੇ ਗਾਇਕ ਕਲਾਕਾਰ ਬਤੌਰ ਮਹਿਮਾਨ ਸ਼ਾਮਲ ਹੁੰਦੇ ਹਨ ਜਿਸ ਨਾਲ ਪ੍ਰੋਗਰਾਮ ਹੋਰ ਦਿਲਚਸਪ, ਹੋਰ ਆਕਰਸ਼ਕ ਬਣ ਜਾਂਦਾ ਹੈ। ਐਂਕਰ ਅਦਿੱਤਯ ਨਿਰਾਇਣ ਦਾ ਜਵਾਬ ਨਹੀਂ। ਸ਼ੋਅ ਵਿਚ ਜਾਨ ਪਾ ਦਿੰਦਾ ਹੈ। ਗੁਣਾਂ ਦੀ ਖਾਣ ਹੈ। ਉਹ ਖੁਦ ਸੁਰੀਲਾ ਗਾਇਕ ਹੈ। ਬਤੌਰ ਐਂਕਰ ਉਹ ਚੁੰਬਕੀ-ਆਕਰਸ਼ਨ ਦਾ ਮਾਲਕ ਹੈ।

            ਹਰੇਕ ਸ਼ਨੀ-ਐਤਵਾਰ ਰਾਤ 8 ਵਜੇ ਪ੍ਰਸਾਰਿਤ ਕੀਤੇ ਜਾਂਦੇ ਇਸ ਸ਼ੋਅ ਦੀ 7 ਅਗਸਤ ਨੂੰ 32ਵੀਂ ਕੜੀ ਪੇਸ਼ ਕੀਤੀ ਗਈ। ਜਦ ਕੋਈ ਅਜਿਹਾ ਸ਼ੋਅ ਆਰੰਭ ਹੁੰਦਾ ਹੈ ਤਾਂ ਉਸਦੀਆਂ ਕੁਲ ਕੜੀਆਂ ਦੀ ਗਿਣਤੀ ਨਿਸ਼ਚਤ ਕੀਤੀ ਜਾਂਦੀ ਹੈ ਪਰੰਤੂ ਜਦ ਸਮੇਂ ਨਾਲ ਸ਼ੋਅ ਦੀ ਪ੍ਰਸਿੱਧੀ ਅਤੇ ਟੀ.ਆਰ.ਪੀ. ਬਹੁਤ ਵੱਧ ਜਾਂਦੀ ਹੈ ਤਾਂ ਕਿਸ਼ਤਾਂ ਵੀ ਵਧਾ ਦਿੱਤੀਆਂ ਜਾਂਦੀਆਂ ਹਨ। ਇਸ ਸਮੇਂ ਸੁਪਰਸਟਾਰ ਸਿੰਗਰ-2 ਦੀ ਪ੍ਰਸਿੱਧੀ ਸਿਖ਼ਰ ʼਤੇ ਹੈ। ਚੈਨਲ ਜ਼ਰੂਰ ਇਸਨੂੰ ਅੱਗੇ ਖਿੱਚਣਾ ਚਾਹੇਗਾ। ਇਸੇ ਲਈ ਸੁਣਨ ਵਿਚ ਆ ਰਿਹਾ ਹੈ ਕਿ ਫਾਈਨਲ ਮੁਕਾਬਲਾ ਅਕਤੂਬਰ ਮਹੀਨੇ ਵਿਚ ਜਾ ਕੇ ਹੋਵੇਗਾ।ਇਸ ਸ਼ੋਅ ਦੇ ਡਾਇਰੈਕਟਰ ਨੀਰਜ ਸ਼ਰਮਾ ਅਤੇ ਪ੍ਰੋਡਿਊਸਰ ਗੌਤਮ ਮਰੀਨਾਲ ਹਨ। ਜਿੱਥੇ ਸ਼ੋਅ ਦੀਆਂ ਕਈ ਵਿਸ਼ੇਸ਼ ਕੜੀਆਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ ਉਥੇ ਸ਼ੋਅ ਦੀ ਪ੍ਰਸਿੱਧੀ ਤੇ ਚਰਚਾ ਲਈ ਬਾਲ ਗਾਇਕ ਕਲਾਕਾਰਾਂ ਨੂੰ ਚੈਨਲ ਦੇ ਹੋਰਨਾਂ ਪ੍ਰੋਗਰਾਮਾਂ ਵਿਚ ਪੇਸ਼ਕਾਰੀ ਲਈ ਭੇਜਿਆ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਦਰਸ਼ਕਾਂ ਨੂੰ ਸੁਪਰਸਟਾਰ ਸਿੰਗਰ-2 ਨਾਲ ਜੋੜਿਆ ਜਾ ਸਕੇ।7 ਅਗਸਤ ਦੀ ਕੜੀ ਕਿਸ਼ੋਰ ਕੁਮਾਰ ਨੂੰ ਸਮਰਪਿਤ ਸੀ। ਮਨੀ (ਧਰਮਕੋਟ) ਅਤੇ ਸਾਇਸ਼ਾ (ਖਰੜ-ਮੁਹਾਲੀ) ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਦਰਸ਼ਕਾਂ ਨੂੰ ਹਰ ਹਫ਼ਤੇ ਯਾਦਗਾਰੀ ਛਿਣ ਮਿਲ ਜਾਂਦੇ ਹਨ ਜਿਹੜੇ ਉਨ੍ਹਾਂ ਦੇ ਚੇਤਿਆਂ ਵਿਚ ਵੱਸ ਜਾਂਦੇ ਹਨ। ਮਨੀ ਅਤੇ ਸਾਇਸ਼ਾ ਦੀ ਪੇਸ਼ਕਾਰੀ ʼਤੇ ਜੱਜ, ਮਹਿਮਾਨ ਅਤੇ ਦਰਸ਼ਕ ਅੱਸ਼ ਅੱਸ਼ ਕਰ ਉਠਦੇ ਹਨ। ਕਈ ਵਾਰ ਮਹਿਮਾਨ ਇਨ੍ਹਾਂ ਬਾਲ ਕਲਾਕਾਰਾਂ ਤੋਂ ਏਨੇ ਪ੍ਰਭਾਵਤ ਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦੇ ਕੇ ਜਾਂਦੇ ਹਨ।

            ਮਾਂ ਸਪੈਸ਼ਲ ਐਪੀਸੋਡ ਵਿਚ ਜਦ ਮਨੀ ਨੇ ਗੀਤ ਗਾਇਆ ਤਾਂ ਜੱਜ ਜਾਵੇਦ ਅਲੀ ਭਾਵੁਕ ਹੋ ਗਏ ਅਤੇ ਕਿਹਾ ਕਿ ਮੈਂ ਆਪਣੀਆਂ ਭਾਵਨਾਵਾਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ। ਉਸਦੇ ਗੀਤ ਬਾਅਦ ਸਾਰੇ ਸਟੂਡੀਓ ਵਿਚ ਸਨਾਟਾ ਛਾ ਗਿਆ ਸੀ। ਹਰ ਕੋਈ ਖਾਮੋਸ਼ ਸੀ, ਹੈਰਾਨ ਸੀ। ਕੋਈ ਬਾਲ ਕਲਾਕਾਰ ਐਨਾ ਵਧੀਆ, ਐਨਾ ਸੁਰੀਲਾ, ਭਾਵਨਾਵਾਂ ਨਾਲ ਗੜੁੱਚ ਕਿਵੇਂ ਗਾ ਸਕਦਾ ਹੈ। ਉਸਦੀ ਨਿਰਛਲ ਮੁਸਕਰਾਹਟ ਸੋਨੇ ʼਤੇ ਸੁਹਾਗੇ ਦਾ ਕੰਮ ਕਰਦੀ ਹੈ।ਪਵਨਦੀਪ ਰਾਜਨ,ਅਰੁਨਿਤਾ ਕਾਂਜੀਲਾਲ, ਸਲਮਾਨ ਅਲੀ, ਮੁਹੰਮਦ ਦਾਨਿਸ਼ ਅਤੇ ਸਿਆਲੀ ਕਾਂਬਲੇ ਬਾਲ-ਕਲਾਕਾਰਾਂ ਨੂੰ ਸਿਖਾਉਂਦੇ ਅਤੇ ਮੁਕਾਬਲੇ ਲਈ ਤਿਆਰ ਕਰਦੇ ਹਨ। ਉਨ੍ਹਾਂ ਨੇ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਬੜੀ ਮਿਹਨਤ ਨਾਲ ਇਨ੍ਹਾਂ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਲੱਭਿਆ ਹੈ। ਇਸ ਸਭ ਨਾਲ ਪ੍ਰੋਗਰਾਮ ਮਿਆਰੀ ਅਤੇ ਰੌਚਿਕ ਬਣਿਆ ਹੈ।ਬੱਚਿਆਂ ਦੀ ਮਿਆਰੀ ਤੇ ਹੈਰਾਨਕੁੰਨ ਪੇਸ਼ਕਾਰੀ ਵੇਖ ਕੇ ਕਈ ਵਾਰ ਜੱਜਾਂ ਨੂੰ ਤਾਰੀਫ਼ ਲਈ ਸ਼ਬਦ ਨਹੀਂ ਸੁੱਝਦੇ। ਬੱਚਿਆਂ ਦੀ ਗਾਇਨ ਕਲਾ ਨੇ ਲੱਖਾਂ ਦਰਸ਼ਕਾਂ ਨੂੰ ਬੰਨ੍ਹ ਕੇ ਬਠਾਇਆ ਹੋਇਆ ਹੈ ਅਤੇ ਦਰਸ਼ਕ ਹਰੇਕ ਹਫ਼ਤੇ ਸੁਰੀਲੀ ਗਾਇਕੀ ਦਾ ਖ਼ੂਬ ਲੁਤਫ਼ ਉਠਾਉਂਦੇ ਹਨ।

You must be logged in to post a comment Login