ਅਕਾਲੀ ਆਗੂ ਕੋਲਿਆਂਵਾਲੀ ਰੂਪੋਸ਼, ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ

ਅਕਾਲੀ ਆਗੂ ਕੋਲਿਆਂਵਾਲੀ ਰੂਪੋਸ਼, ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ

ਬਠਿੰਡਾ – ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਵਿਜੀਲੈਂਸ ਕੇਸ ਦਰਜ ਹੋਣ ਮਗਰੋਂ ਰੂਪੋਸ਼ ਹੋ ਗਏ ਹਨ। ਵਿਜੀਲੈਂਸ ਅਫ਼ਸਰ ਆਪਣੇ ਸੂਹੀਏ ਲਾ ਕੇ ਕੋਲਿਆਂਵਾਲੀ ਦੀ ਪੈੜ ਨੱਪ ਰਹੇ ਹਨ। ਕੋਲਿਆਂਵਾਲੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਲਏ ਹਨ ਅਤੇ ਆਪਣੀ ਰਿਹਾਇਸ਼ ਤੋਂ ਆਸੇ-ਪਾਸੇ ਹੋ ਗਏ ਹਨ। ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਤਰਕ ਦਿੱਤਾ ਹੈ ਕਿ ਕੋਲਿਆਂਵਾਲੀ ਨੇ ਪੰਜਾਬ ਐਗਰੋ ਦੇ ਚੇਅਰਮੈਨ ਹੁੰਦੇ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਈ। ਗੱਡੀਆਂ ਦੀ ਦੁਰਵਰਤੋਂ ਕੀਤੀ ਅਤੇ ਬਦਲੀਆਂ ਵਿੱਚ ਕਥਿਤ ਤੌਰ ’ਤੇ ਘਾਲਾ-ਮਾਲਾ ਕੀਤਾ ਹੈ। ਵੇਰਵਿਆਂ ਅਨੁਸਾਰ ਵਿਜੀਲੈਂਸ ਅਫ਼ਸਰਾਂ ਨੇ ਛਾਪੇ ਮਾਰਨ ਲਈ ਰਣਨੀਤੀ ਉਲੀਕ ਲਈ ਹੈ ਅਤੇ ਅੱਜ ਮੁਹਾਲੀ ਅਦਾਲਤ ਵਿੱਚ ਵਿਜੀਲੈਂਸ ਨੇ ਤਲਾਸ਼ੀ ਦੇ ਵਾਰੰਟ ਜਾਰੀ ਕਰਨ ਲਈ ਦਰਖ਼ਾਸਤ ਦਿੱਤੀ ਹੈ, ਜਿਸ ਉਤੇ ਭਲਕੇ ਸੁਣਵਾਈ ਹੋਣੀ ਹੈ। ਵਿਜੀਲੈਂਸ ਅਫ਼ਸਰਾਂ ਵੱਲੋਂ ਤਲਾਸ਼ੀ ਦੇ ਵਾਰੰਟ ਲੈ ਕੇ ਕੋਲਿਆਂਵਾਲੀ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਜਾਣਾ ਹੈ। ਜਥੇਦਾਰ ਦਿਆਲ ਸਿੰਘ ਦੀ ਆਪਣੇ ਜੱਦੀ ਪਿੰਡ ਕੋਲਿਆਂਵਾਲੀ ਵਿੱਚ ਆਲੀਸ਼ਾਨ ਕੋਠੀ ਹੈ। ਵਿਜੀਲੈਂਸ ਨੇ ਦੂਜੇ ਸੂਬਿਆਂ ਵਿੱਚ ਵੀ ਅਕਾਲੀ ਆਗੂ ਦੀ ਜਾਇਦਾਦ ਹੋਣ ਦੀ ਗੱਲ ਆਖੀ ਹੈ। ਵਿਜੀਲੈਂਸ ਕਾਰਵਾਈ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੈਂਤੜਾ ਬਣਾ ਲਿਆ ਹੈ ਤੇ ਕੇਸ ਨੂੰ ਬਦਲਾਖੋਰੀ ਦੱਸਿਆ ਹੈ। ਵਿਜੀਲੈਂਸ ਨੇ ਇਸ ਕੇਸ ਤੋਂ ਪਹਿਲਾਂ ਨੌਕਰੀ ਘੁਟਾਲੇ ਨੂੰ ਵੀ ਪਿੰਡ ਕੋਲਿਆਂਵਾਲੀ ਦੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਜਥੇਦਾਰ ਦੇ ਇੱਕ ਨੇੜਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਹੁਣ ਵਿਜੀਲੈਂਸ ਨੇ ਕਾਫ਼ੀ ਕਾਹਲੀ ਵਿੱਚ ਕੇਸ ਦਰਜ ਕੀਤਾ ਹੈ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਦੀ ਕਾਹਲ ਪਿੱਛੇ ਕੋਈ ਖ਼ਾਸ ਕਾਰਨ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਦੇਸ਼ ਦੌਰੇ ’ਤੇ ਹਨ, ਜਿਨ੍ਹਾਂ ਨੇ 4 ਜੁਲਾਈ ਨੂੰ ਪਰਤਣਾ ਹੈ। ਸੂਤਰ ਦੱਸਦੇ ਹਨ ਕਿ ਸੀਨੀਅਰ ਅਕਾਲੀ ਆਗੂਆਂ ਨੇ ਕੇਸ ਦਰਜ ਹੋਣ ਤੋਂ ਪਹਿਲਾਂ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਸੀ ਕਿ ਮਾਮਲਾ ਅਜੇ 4 ਜੁਲਾਈ ਤੱਕ ਟਾਲ ਦਿੱਤਾ ਜਾਵੇ। ਜਾਪਦਾ ਹੈ ਕਿ ਇਸੇ ਕਾਹਲ ਵਿੱਚ ਵਿਜੀਲੈਂਸ ਨੇ ਫ਼ੌਰੀ ਕੇਸ ਦਰਜ ਕਰ ਦਿੱਤਾ ਹੈ। ਅਕਾਲੀ ਦਲ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ ਕੇਸ ਦਰਜ ਕਰਨ ਤੋਂ ਪਹਿਲਾਂ ਕੋਲਿਆਂਵਾਲੀ ਦਾ ਪੱਖ ਵੀ ਨਹੀਂ ਸੁਣਿਆ ਗਿਆ ਹੈ ਤੇ ਇੱਕਪਾਸੜ ਕਾਰਵਾਈ ਕੀਤੀ ਗਈ ਹੈ।
ਵਿਜੀਲੈਂਸ ਦੇ ਐੱਸਪੀ ਭੁਪਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਾਬਕਾ ਚੇਅਰਮੈਨ ਕੋਲਿਆਂਵਾਲੀ ਦੀ ਗ੍ਰਿਫ਼ਤਾਰੀ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਉਨ੍ਹਾਂ ਦੇ ਟਿਕਾਣਿਆਂ ਦਾ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਲਿਆਂਵਾਲੀ ਆਪਣੇ ਘਰ ਤੋਂ ਇੱਧਰ-ਉੱਧਰ ਹੋ ਗਏ ਹਨ ਤੇ ਸਾਰੇ ਫੋਨ ਬੰਦ ਕਰ ਲਏ ਹਨ।

You must be logged in to post a comment Login