ਅਗਲੀ ਮਰਦਮਸ਼ੁਮਾਰੀ 1 ਮਾਰਚ 2027 ਤੋਂ ਹੋਵੇਗੀ ਸ਼ੁਰੂ

ਅਗਲੀ ਮਰਦਮਸ਼ੁਮਾਰੀ 1 ਮਾਰਚ 2027 ਤੋਂ ਹੋਵੇਗੀ ਸ਼ੁਰੂ

ਨਵੀਂ ਦਿੱਲੀ, 4 ਜੂਨ : ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਦੋ ਪੜਾਵਾਂ ਵਿਚ ਹੋਣ ਵਾਲੀ ਅਗਲੀ ਮਰਦਮਸ਼ੁਮਾਰੀ 1 ਮਾਰਚ 2027 ਨੂੰ ਸ਼ੁਰੂ ਹੋਵੇਗੀ। ਇਸ ਵਿਚ ਜਾਤੀ ਜਨਗਣਨਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਜਿਸ ਦੀ ਕਈ ਸੂਬਿਆਂ ਤੇ ਸਿਆਸੀ ਪਾਰਟੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਮੰਤਰਾਲੇ ਮੁਤਾਬਕ ਲੱਦਾਖ ਅਤੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਬਰਫ਼ ਨਾਲ ਘਿਰੇ, ਗੈਰ-ਸਮਕਾਲੀ ਖੇਤਰਾਂ ਲਈ ਜਨਗਣਨਾ ਲਈ ਸੰਦਰਭ ਮਿਤੀ 1 ਅਕਤੂਬਰ, 2026 ਹੋਵੇਗੀ। ਜਨਗਣਨਾ ਐਕਟ, 1948 ਦੀ ਧਾਰਾ 3 ਤਹਿਤ ਮਰਦਮਸ਼ੁਮਾਰੀ ਕਰਵਾਉਣ ਬਾਰੇ ਗਜ਼ਟ ਨੋਟੀਫਿਕੇਸ਼ਨ 16 ਜੂਨ, 2025 ਨੂੰ ਜਾਰੀ ਕੀਤੇ ਜਾਣ ਦੀ ਉਮੀਦ ਹੈ। ਇਹ ਅਗਾਮੀ ਮਸ਼ਕ 2011 ਤੋਂ ਬਾਅਦ ਪਹਿਲੀ ਪੂਰੀ ਮਰਦਮਸ਼ੁਮਾਰੀ ਹੋਵੇਗੀ। 2021 ਦੀ ਮਰਦਮਸ਼ੁਮਾਰੀ ਦੋ ਪੜਾਵਾਂ- ਅਪਰੈਲ ਤੋਂ ਸਤੰਬਰ 2020 ਤੱਕ ਘਰਾਂ ਦਾ ਸੂਚੀਕਰਨ ਅਤੇ ਫਰਵਰੀ 2021 ਵਿੱਚ ਆਬਾਦੀ ਦੀ ਗਣਨਾ- ਵਿੱਚ ਯੋਜਨਾਬੱਧ ਕੀਤੀ ਗਈ ਸੀ। ਹਾਲਾਂਕਿ ਮੁਕੰਮਲ ਤਿਆਰੀ ਦੇ ਬਾਵਜੂਦ COVID-19 ਮਹਾਮਾਰੀ ਕਰਕੇ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

You must be logged in to post a comment Login