ਅਗਲੇ ਸਾਲ ਦੇ ਸ਼ੁਰੂ ਵਿੱਚ ਜਨਗਣਨਾ ਦੀ ਸੰਭਾਵਨਾ

ਅਗਲੇ ਸਾਲ ਦੇ ਸ਼ੁਰੂ ਵਿੱਚ ਜਨਗਣਨਾ ਦੀ ਸੰਭਾਵਨਾ

ਨਵੀਂ ਦਿੱਲੀ, 28 ਅਕਤੂਬਰ : ਇਸ ਦਹਾਕੇ ਦੀ ਜਨਗਣਨਾ ਅਤੇ ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐਨਪੀਆਰ) ਨੂੰ ਅਪਡੇਟ ਕਰਨ ਦਾ ਕੰਮ ਸਾਲ 2025 ਦੇ ਸ਼ੁਰੂ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਇਸ ਸਬੰਧੀ ਅੰਕੜੇ 2026 ਵਿਚ ਐਲਾਨੇ ਜਾਣਗੇ। ਸੂਤਰਾਂ ਨੇ ਦੱਸਿਆ ਕਿ ਇਸ ਵਾਰ ਦੀ ਜਨਗਣਨਾ ਦਾ ਕੰਮ ਪਹਿਲਾਂ ਹੀ ਦੇਰੀ ਨਾਲ ਚੱਲ ਰਿਹਾ ਹੈ ਤੇ ਲੇਟ ਹੋਣ ਤੋਂ ਬਾਅਦ ਜਨਗਣਨਾ ਦਾ ਹਰ ਦਸ ਸਾਲਾਂ ਬਾਅਦ ਹੁੰਦੇ ਚੱਕਰ ਦਾ ਸਾਲ ਵੀ ਬਦਲਿਆ ਜਾਵੇਗਾ। ਹਾਲਾਂਕਿ ਜਾਤੀ ਜਨਗਣਨਾ ਬਾਰੇ ਫੈਸਲਾ ਨਹੀਂ ਹੋ ਸਕਿਆ ਕਿ ਇਹ ਵੀ ਆਮ ਜਨਗਣਨਾ ਨਾਲ ਹੀ ਮੁਕੰਮਲ ਹੋਵੇਗੀ ਕਿ ਨਹੀਂ। ਦੱਸਣਾ ਬਣਦਾ ਹੈ ਕਿ ਦੇਸ਼ ਦੀ ਜਨਗਣਨਾ 1951 ਤੋਂ ਹਰ 10 ਸਾਲਾਂ ਬਾਅਦ ਕੀਤੀ ਜਾਂਦੀ ਹੈ ਪਰ ਕਰੋਨਾ ਮਹਾਮਾਰੀ ਕਾਰਨ 2021 ਵਿੱਚ ਜਨਗਣਨਾ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ ਤੇ ਹਾਲੇ ਤੱਕ ਇਸ ਦੇ ਅਗਲੇ ਪ੍ਰੋਗਰਾਮ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਇਸ ਵਾਰ ਜਨਗਣਨਾ ਦੇ ਚੱਕਰ ਵਿੱਚ ਵੀ ਬਦਲਾਅ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਲਈ ਇਹ ਚੱਕਰ 2025-2035 ਅਤੇ ਅਗਲਾ 2035-2045 ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦਸ ਦਸ ਸਾਲਾਂ ਦਾ ਹੋਵੇਗਾ। ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਦੇ ਦਫ਼ਤਰ ਨੇ ਜਨਗਣਨਾ ਅਭਿਆਸ ਦੌਰਾਨ ਆਮ ਲੋਕਾਂ ਨੂੰ ਪੁੱਛੇ ਜਾਣ ਵਾਲੇ 31 ਸਵਾਲ ਤਿਆਰ ਕੀਤੇ ਸਨ।

You must be logged in to post a comment Login