ਅਟਾਰੀ-ਵਾਹਗਾ ਵਪਾਰਕ ਲਾਂਘਾ ਮੁੜ ਖੋਲ੍ਹਿਆ ਜਾਵੇ: ਮੁਤੱਕੀ

ਅਟਾਰੀ-ਵਾਹਗਾ ਵਪਾਰਕ ਲਾਂਘਾ ਮੁੜ ਖੋਲ੍ਹਿਆ ਜਾਵੇ: ਮੁਤੱਕੀ

ਨਵੀਂ ਦਿੱਲੀ, 11 ਅਕਤੂਬਰ : ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤੱਕੀ ਨੇ ਅਟਾਰੀ-ਵਾਹਗਾ ਵਪਾਰਕ ਲਾਂਘਾ ਮੁੜ ਤੋਂ ਖੋਲ੍ਹਣ ਦੀ ਮੰਗ ਕਰਦਿਆਂ ਭਾਰਤ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੁਲਕ ਸਾਰੇ ‘ਭਾਰਤ ਵਿਰੋਧੀ’ ਅਤਿਵਾਦੀ ਸਮੂਹਾਂ ਤੋਂ ਮੁਕਤ ਹੋ ਚੁੱਕਾ ਹੈ। ਇੱਥੇ ਸਥਿਤ ਅਫਗਾਨ ਅੰਬੈਸੀ ’ਚ ਮੀਡੀਆ ਨੂੰ ਸੰਬੋਧਨ ਕਰਦਿਆਂ ਮੁਤੱਕੀ ਨੇ ਇਹ ਵੀ ਕਿਹਾ ਕਿ ਕਾਬੁਲ ਜਲਦੀ ਹੀ ਨਵੀਂ ਦਿੱਲੀ ’ਚ ਆਪਣੇ ਰਾਜਦੂਤ ਨਿਯੁਕਤ ਕਰੇਗਾ। ਵਪਾਰ ਦੇ ਮੁੱਦੇ ’ਤੇ ਉਨ੍ਹਾਂ ਕਿਹਾ, ‘ਵਾਹਗਾ ਸਾਡੇ ਨੇੜੇ ਹੈ, ਕਿਰਪਾ ਕਰਕੇ ਇਸ ਨੂੰ ਖੋਲ੍ਹ ਦਿਓ। ਇਹ ਭਾਰਤ ਪਹੁੰਚਣ ਦਾ ਸਭ ਤੋਂ ਛੋਟਾ ਤੇ ਕਿਫਾਇਤੀ ਰਾਹ ਹੈ।’ ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਗੱਲਬਾਤ ਦੌਰਾਨ ਖੇਤਰੀ ਸ਼ਾਂਤੀ ਤੇ ਸਹਿਯੋਗ ਪ੍ਰਤੀ ਅਫ਼ਗਾਨਿਸਤਾਨ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਮੁਲਕ ਕਿਸੇ ਵੀ ਤਾਕਤ ਨੂੰ ਆਪਣੀ ਧਰਤੀ ਤੋਂ ਦੂਜਿਆਂ ਨੂੰ ਧਮਕਾਉਣ ਜਾਂ ਕਿਸੇ ਵੀ ਮੁਲਕ ਖ਼ਿਲਾਫ਼ ਇਸ ਦੀ ਵਰਤੋਂ ਦੀ ਇਜਾਜ਼ਤ ਨਹੀਂ ਦੇਵੇਗਾ। ਮੁਤੱਕੀ ਨੇ ਹੈਦਰਾਬਾਦ ਹਾਊਸ ’ਚ ਦੁਵੱਲੀ ਮੀਟਿੰਗ ਦੌਰਾਨ ਕਿਹਾ ਕਿ ਅਫ਼ਗਾਨਿਸਤਾਨ ਨੇ ਕਦੀ ਵੀ ਭਾਰਤ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕੀਤੀ ਹੈ ਅਤੇ ਹਮੇਸ਼ਾ ਭਾਰਤ ਨਾਲ ਚੰਗੇ ਸਬੰਧਾਂ ਨੂੰ ਮਹੱਤਵ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਆਪਸੀ ਸਨਮਾਨ, ਵਪਾਰ ਤੇ ਲੋਕਾਂ ਵਿਚਾਲੇ ਆਪਸੀ ਸਬੰਧਾਂ ’ਤੇ ਆਧਾਰਿਤ ਰਿਸ਼ਤੇ ਚਾਹੁੰਦਾ ਹੈ। ਉਨ੍ਹਾਂ ਕਿਹਾ, ‘ਅਫ਼ਗਾਨਿਸਤਾਨ ਕਦੀ ਵੀ ਕਿਸੇ ਨੂੰ ਆਪਣੀ ਜ਼ਮੀਨ ਦੀ ਵਰਤੋਂ ਦੂਜਿਆਂ ਖ਼ਿਲਾਫ਼ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ।’ ਮੁਤੱਕੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਫ਼ਗਾਨਿਸਤਾਨ ਕਿਸੇ ਵੀ ਵਿਦੇਸ਼ੀ ਸੈਨਾ ਨੂੰ ਬਗਰਾਮ ਬੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇੇਵੇਗਾ।

You must be logged in to post a comment Login