ਭੁੱਚੋ ਮੰਡੀ, 4 ਦਸੰਬਰ- ਭੁੱਚੋ ਮੰਡੀ ਨੇੜਲੇ ਪਿੰਡ ਦਸ਼ਮੇਸ਼ ਨਗਰ (ਤੁੰਗਵਾਲੀ) ਵਿੱਚ ਬੀਤੀ ਰਾਤ ਲੜਕੀ ਦੇ ਪਰਿਵਾਰ ਨੇ ਪ੍ਰੇਮ ਵਿਆਹ ਕਰਵਾਉਣ ਦੇ ਮਾਮਲੇ ਵਿੱਚ ਪੁਲੀਸ ਮੁਲਾਜ਼ਮ ਲੜਕੇ ਅਤੇ ਆਪਣੀ ਲੜਕੀ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪਿੰਡ ਵਾਸੀਆਂ ਅਨੁਸਾਰ ਲੜਕੀ ਮੁਹੱਲਾ ਕਲੀਨਿਕ ਬਠਿੰਡਾ ਵਿੱਚ ਸਿਹਤ ਮੁਲਾਜ਼ਮ ਸੀ। ਭੁੱਚੋ ਪੁਲੀਸ ਚੌਕੀ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਚੌਕੀ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਵਾਸੀ ਤੁੰਗਵਾਲੀ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਸੰਦੀਪ ਸਿੰਘ ਨੇ ਲਿਖਵਾਏ ਬਿਆਨ ਵਿੱਚ ਕਿਹਾ ਕਿ 4 ਸਾਲ ਪਹਿਲਾਂ ਉਨ੍ਹਾਂ ਦੇ ਵੱਡੇ ਭਰਾ ਹੌਲਦਾਰ ਜਗਮੀਤ ਸਿੰਘ ਵਾਸੀ ਦਸ਼ਮੇਸ਼ ਨਗਰ (ਤੁੰਗਵਾਲੀ) ਹਾਲ ਆਬਾਦ ਆਦਰਸ਼ ਨਗਰ ਬਠਿੰਡਾ ਨੇ ਬੇਅੰਤ ਕੌਰ ਉਰਫ ਮੰਨੀ ਵਾਸੀ ਦਸਮੇਸ਼ ਨਗਰ (ਤੁੰਗਵਾਲੀ) ਨਾਲ ਅਦਾਲਤੀ ਵਿਆਹ ਕਰਵਾਇਆ ਸੀ। ਉਸ ਦਿਨ ਤੋਂ ਹੀ ਬੇਅੰਤ ਕੌਰ ਆਪਣੇ ਪਿਤਾ ਦੇ ਘਰ ਆਪਣੇ ਪਿੰਡ ਰਹਿ ਰਹੀ ਸੀ। ਸੰਦੀਪ ਸਿੰਘ ਅਨੁਸਾਰ ਲੰਘੀ ਸ਼ਾਮ ਉਹ ਆਪਣੇ ਭਰਾ ਅਤੇ ਪਿਤਾ ਕੇਵਲ ਸਿੰਘ ਨਾਲ ਆਪਣੇ ਘਰ ਦਸਮੇਸ਼ ਨਗਰ ਤੁੰਗਵਾਲੀ ਵਿੱਚ ਆਇਆ ਹੋਇਆ ਸੀ। ਉਹ ਤੇ ਉਸ ਦਾ ਪਿਤਾ ਘਰ ਦੀ ਸਫ਼ਾਈ ਕਰਨ ਲੱਗ ਪਏ ਅਤੇ ਦੇਰ ਸ਼ਾਮ ਜਗਮੀਤ ਸਿੰਘ ਆਪਣੀ ਕਾਰ ’ਤੇ ਬੇਅੰਤ ਕੌਰ ਨੂੰ ਮਿਲਣ ਲਈ ਚਲਾ ਗਿਆ, ਜਿੱਥੇ ਬਲਕਰਨ ਸਿੰਘ, ਕਿਰਪਾਲ ਸਿੰਘ ਅਤੇ ਹੰਸਾ ਸਿੰਘ ਵਾਸੀ ਤੁੰਗਵਾਲੀ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਭਰਾ ’ਤੇ ਹਮਲਾ ਕਰ ਦਿੱਤਾ। ਬੇਅੰਤ ਕੌਰ, ਜਦੋਂ ਆਪਣੇ ਪਤੀ ਨੂੰ ਬਚਾਉਣ ਲਈ ਉਸ ਉਪਰ ਡਿੱਗੀ ਤਾਂ ਉਸ ਦਾ ਵੀ ਕਤਲ ਕਰ ਦਿੱਤਾ ਗਿਆ। ਚੌਕੀ ਇੰਚਾਰਜ ਹਰਬੰਸ ਸਿੰਘ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

You must be logged in to post a comment Login