ਅਦਾਕਾਰ ਐਮੀ ਵਿਰਕ ਨੇ ਹੜ੍ਹ ਦੇ ਝੰਬੇ 200 ਘਰਾਂ ਦੀ ਬਾਂਹ ਫੜੀ

ਅਦਾਕਾਰ ਐਮੀ ਵਿਰਕ ਨੇ ਹੜ੍ਹ ਦੇ ਝੰਬੇ 200 ਘਰਾਂ ਦੀ ਬਾਂਹ ਫੜੀ

ਚੰਡੀਗੜ੍ਹ, 2 ਸਤੰਬਰ: ਗਾਇਕ ਤੇ ਅਦਾਕਾਰ ਐਮੀ ਵਿਰਕ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਪਰਿਵਾਰਾਂ ਦੀ ਮਦਦ ਲਈ ਅੱਗੇ ਆਇਆ ਹੈ। ਐਮੀ ਤੇ ਉਨ੍ਹਾਂ ਦੀ ਟੀਮ ਨੇ ਸੋਮਵਾਰ ਨੂੰ ਇਕ ਇੰਸਟਾਗ੍ਰਾਮ ਪੋਸਟ ਵਿਚ ਹੜ੍ਹ ਦੇ ਝੰਬੇ 200 ਘਰਾਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਐਮੀ ਨੇ ਇੰਸਟਾਗ੍ਰਾਮ ਪੋਸਟ ਵਿਚ ਕਿਹਾ, ‘‘ਪੰਜਾਬ ਵਿੱਚ ਹੜ੍ਹਾਂ ਨੇ ਜੋ ਤਬਾਹੀ ਮਚਾਈ ਹੈ, ਉਸ ਨੂੰ ਦੇਖ ਕੇ ਸਾਡਾ ਦਿਲ ਦੁਖੀ ਹੈ। ਆਪਣੇ ਲੋਕਾਂ ਨੂੰ ਬਿਨਾਂ ਛੱਤ ਦੇ ਦੇਖ ਕੇ ਮੈਂ ਬਹੁਤ ਦੁਖੀ ਹੋ ਗਿਆ ਹਾਂ। ਇਕ ਛੋਟੀ ਜਿਹੀ ਕੋਸ਼ਿਸ਼ ਵਜੋਂ ਅਸੀਂ ਉਨ੍ਹਾਂ ਲੋਕਾਂ ਦੀ ਸਹਾਇਤਾ ਲਈ 200 ਘਰਾਂ ਨੂੰ ਗੋਦ ਲੈ ਰਹੇ ਹਾਂ ਜਿਨ੍ਹਾਂ ਨੇ ਸਭ ਕੁਝ ਗੁਆ ਦਿੱਤਾ ਹੈ। ਇਹ ਮਹਿਜ਼ ਪਨਾਹ ਬਾਰੇ ਨਹੀਂ- ਇਹ ਉਮੀਦ, ਮਾਣ ਅਤੇ ਦੁਬਾਰਾ ਸ਼ੁਰੂਆਤ ਕਰਨ ਦੀ ਤਾਕਤ ਦੇਣ ਬਾਰੇ ਹੈ।’’ ਉਧਰ ਅਦਾਕਾਰ ਸੰਜੇ ਦੱਤ ਨੇ ਵੀ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਇਕਜੁੱਟਤਾ ਪ੍ਰਗਟ ਕਰਦੇ ਹੋਏ X ’ਤੇ ਲਿਖਿਆ, ‘‘ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਸੱਚਮੁੱਚ ਦਿਲ ਤੋੜਨ ਵਾਲੀ ਹੈ। ਮੈਂ ਹਰ ਸੰਭਵ ਤਰੀਕੇ ਨਾਲ ਮਦਦ ਕਰਾਂਗਾ। ਬਾਬਾ ਜੀ ਪੰਜਾਬ ਵਿੱਚ ਸਾਰਿਆਂ ਨੂੰ ਅਸੀਸ ਦੇਣ ਅਤੇ ਉਨ੍ਹਾਂ ਦੀ ਰੱਖਿਆ ਕਰਨ।’’ਪੰਜਾਬੀ ਅਦਾਕਾਰ-ਗਾਇਕਾ ਹਿਮਾਂਸ਼ੀ ਖੁਰਾਨਾ ਵੀ ਰਾਹਤ ਕਾਰਜਾਂ ਵਿੱਚ ਸ਼ਾਮਲ ਹੋਈ। ਉਸ ਨੇ 10 ਪਰਿਵਾਰਾਂ ਨੂੰ ਮੁੜਵਸੇਬੇ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ। ਇੱਕ ਇੰਸਟਾਗ੍ਰਾਮ ਪੋਸਟ ਵਿਚ ਉਸਨੇ ਕਿਹਾ, ‘‘ਅੱਜ, ਪੰਜਾਬ ਨੂੰ ਅਜਿਹੀ ਹਾਲਤ ਵਿੱਚ ਦੇਖ ਕੇ, ਹਰ ਪੰਜਾਬੀ ਦਾ ਦਿਲ ਰੋਅ ਰਿਹਾ ਹੈ। ਅਸੀਂ ਆਪਣੇ ਪੰਜਾਬ ਨੂੰ ਪਹਿਲਾਂ ਵਾਂਗ ਬਣਾਵਾਂਗੇ, ਅਤੇ ਆਪਣੀ ਸਮਰੱਥਾ ਅਨੁਸਾਰ, ਮੈਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 10 ਪਰਿਵਾਰਾਂ ਨੂੰ ਮੁੜ ਵਸਾਉਣ ਵਿੱਚ ਮਦਦ ਕਰਨ ਵਿੱਚ ਯੋਗਦਾਨ ਪਾਵਾਂਗੀ। ਇਸ ਭਿਆਨਕ ਹੜ੍ਹ ਦੀ ਸਥਿਤੀ ਵਿੱਚ, ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਅਤੇ ਹੱਲ ਲੱਭਣ ਦੀ ਲੋੜ ਹੈ। ਸਾਰੀਆਂ ਮਸ਼ਹੂਰ ਹਸਤੀਆਂ, ਨੇਤਾਵਾਂ, ਮੀਡੀਆ, ਸੋਸ਼ਲ ਮੀਡੀਆ ਸ਼ਖਸੀਅਤਾਂ ਅਤੇ ਜਨਤਾ ਨੂੰ ਇੱਕਜੁੱਟ ਹੋ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਅਸੀਂ ਪੰਜਾਬੀ ਪੰਜਾਬ ਦੇ ਨਾਲ ਹਾਂ।’’

You must be logged in to post a comment Login