ਅਪਰੇਸ਼ਨ ਸਿੰਧੂਰ ਨੂੰ ਲੈ ਕੇ ਸੰਸਦ ਵਿਚ ਹੰਗਾਮਾ

ਅਪਰੇਸ਼ਨ ਸਿੰਧੂਰ ਨੂੰ ਲੈ ਕੇ ਸੰਸਦ ਵਿਚ ਹੰਗਾਮਾ

ਨਵੀਂ ਦਿੱਲੀ, 21 ਜੁਲਾਈ: ਮੌਨਸੂਨ ਇਜਲਾਸ ਦੇ ਪਹਿਲੇ ਦਿਨ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਸ਼ੋਰ-ਸ਼ਰਾਬੇ ਅਤੇ ‘ਆਪ੍ਰੇਸ਼ਨ ਸਿੰਧੂਰ’ ਉੱਤੇ ਚਰਚਾ ਦੀ ਮੰਗ ਦਰਮਿਆਨ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਪਹਿਲੇ ਦਿਨ ਪਹਿਲਗਾਮ ਦਹਿਸ਼ਤੀ ਹਮਲੇ, ਅਪਰੇਸ਼ਨ ਸਿੰਧੂਰ ਤੇ ਕੁਝ ਹੋਰਨਾਂ ਮੁੱਦਿਆਂ ’ਤੇ ਚਰਚਾ ਦੀ ਮੰਗ ਕਰਦੇ ਹੋਏ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਹੰਗਾਮਾ ਕੀਤਾ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਕਰੀਬ 20 ਮਿੰਟਾਂ ਬਾਅਦ ਹੀ ਸਦਨ ਨੂੰ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਲੋਕ ਸਭਾ 12 ਵਜੇ ਮੁੜ ਜੁੜੀ ਤਾਂ ਵਿਰੋਧੀ ਧਿਰਾਂ ਦਾ ਸ਼ੋਰ ਸ਼ਰਾਬਾ ਜਾਰੀ ਰਿਹਾ। 15 ਮਿੰਟਾਂ ਮਗਰੋਂ ਸਪੀਕਰ ਨੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਉਧਰ ਰਾਜ ਸਭਾ ਵਿਚ ਵੀ ਵਿਰੋਧੀ ਧਿਰਾਂ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹੰਗਾਮਾ ਦੇਖਣ ਨੂੰ ਮਿਲਿਆ। ਮਗਰੋਂ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।ਇਸ ਤੋਂ ਪਹਿਲਾਂ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਨੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਪਹਿਲਗਾਮ ਦਹਿਸ਼ਤੀ ਹਮਲੇ ਤੇ ਆਪਰੇਸ਼ਨ ਸਿੰਧੂਰ ਨਾਲ ਜੁੜੇ ਫਿਕਰਾਂ ’ਤੇ ਚਰਚਾ ਦੀ ਮੰਗ ਕਰਦੇ ਹੋਏ ਸੋਮਵਾਰ ਨੂੰ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰਨ ਦੇ ਨੋਟਿਸ ਦਿੱਤੇ। ਸੰਸਦ ਦਾ ਮੌਨਸੂਨ ਸੈਸ਼ਨ ਸੋਮਵਾਰ (21 ਜੁਲਾਈ) ਤੋਂ ਸ਼ੁਰੂ ਹੋ ਰਿਹਾ ਹੈ ਅਤੇ 21 ਅਗਸਤ ਤੱਕ ਕੁੱਲ 21 ਮੀਟਿੰਗਾਂ ਦਾ ਪ੍ਰਸਤਾਵ ਹੈ।

You must be logged in to post a comment Login