ਅਫਰੀਕੀ ਮਹਾਦੀਪ ਦੀਆਂ ਤਿੰਨ ਥਾਵਾਂ ਯੂਨੈਸਕੋ ਵਿਸ਼ਵ ਵਿਰਾਸਤੀ ਖ਼ਤਰੇ ਦੀ ਸੂਚੀ ’ਚੋਂ ਬਾਹਰ

ਅਫਰੀਕੀ ਮਹਾਦੀਪ ਦੀਆਂ ਤਿੰਨ ਥਾਵਾਂ ਯੂਨੈਸਕੋ ਵਿਸ਼ਵ ਵਿਰਾਸਤੀ ਖ਼ਤਰੇ ਦੀ ਸੂਚੀ ’ਚੋਂ ਬਾਹਰ

ਨਵੀਂ ਦਿੱਲੀ: ਵਿਸ਼ਵ ਵਿਰਾਸਤੀ ਕਮੇਟੀ ਨੇ ਮੈਡਾਗਾਸਕਰ, ਮਿਸਰ ਅਤੇ ਲਿਬੀਆ ਵਿਚਲੀਆਂ ਤਿੰਨ ਅਫਰੀਕੀ ਵਿਰਾਸਤੀ ਥਾਵਾਂ ਨੂੰ ਯੂਨੈਸਕੋ ਦੀ ਖ਼ਤਰੇ ਵਾਲੀ ਸੂਚੀ ’ਚੋਂ ਹਟਾ ਦਿੱਤਾ ਹੈ। ਇਨ੍ਹਾਂ ਥਾਵਾਂ ’ਤੇ ਖ਼ਤਰੇ ਨੂੰ ਘੱਟ ਕਰਨ ਅਤੇ ਉਨ੍ਹਾਂ ਦੀ ਸੱਭਿਆਚਾਰਕ ਪਛਾਣ ਬਹਾਲ ਕਰਨ ’ਚ ਸਫ਼ਲਤਾ ਮਿਲਣ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਨੇ ਬਿਆਨ ’ਚ ਕਿਹਾ ਕਿ ਇਹ ਫ਼ੈਸਲਾ ਪੈਰਿਸ ’ਚ ਚੱਲ ਰਹੇ 47ਵੇਂ ਇਜਲਾਸ ਦੌਰਾਨ 9 ਜੁਲਾਈ ਨੂੰ ਲਿਆ ਗਿਆ। ਬਿਆਨ ’ਚ ਕਿਹਾ ਗਿਆ ਕਿ ਮੈਂਬਰ ਮੁਲਕਾਂ ਵੱਲੋਂ ਯੂਨੈਸਕੋ ਦੇ ਸਹਿਯੋਗ ਨਾਲ ਕੀਤੀਆਂ ਗਈਆਂ ਵੱਡੇ ਪੱਧਰ ’ਤੇ ਕੋਸ਼ਿਸ਼ਾਂ ਸਦਕਾ ਇਨ੍ਹਾਂ ਵਿਰਾਸਤੀ ਥਾਵਾਂ ਨੂੰ ਸੰਕਟਗ੍ਰਸਤ ਸੂਚੀ ’ਚੋਂ ਹਟਾਇਆ ਗਿਆ ਹੈ। ਸੰਕਟਗ੍ਰਸਤ ਸੂਚੀ ’ਚੋਂ ਹਟਾਈਆਂ ਥਾਵਾਂ ’ਚ ਮੈਡਾਗਾਸਕਰ ’ਚ ਅਤਸਿਨਾਨਾਨਾ ਦੇ ਵਰਖਾ ਜੰਗਲ, ਮਿਸਰ ’ਚ ਅਬੂ ਮੀਨਾ ਅਤੇ ਲਿਬੀਆ ’ਚ ਗ਼ਦਾਮੇਸ ਦਾ ਓਲਡ ਟਾਊਨ ਸ਼ਾਮਲ ਹਨ। ਯੂਨੈਸਕੋ ਦੀ ਡਾਇਰੈਕਟਰ ਜਨਰਲ ਔਦਰੇ ਅਜ਼ੂਲੇਅ ਨੇ ਕਿਹਾ ਕਿ ਜਦੋਂ ਵਿਰਾਸਤੀ ਥਾਵਾਂ ਨੂੰ ਖ਼ਤਰੇ ਵਾਲੀ ਸੂਚੀ ’ਚੋਂ ਹਟਾ ਦਿੱਤਾ ਜਾਂਦਾ ਹੈ ਤਾਂ ਇਹ ਸਾਰਿਆਂ ਲਈ ਵੱਡੀ ਜਿੱਤ ਹੁੰਦੀ ਹੈ। 2021 ਤੋਂ ਡੈਮੋਕਰੈਟਿਕ ਰਿਪਬਲਿਕ ਆਫ਼ ਕਾਂਗੋ, ਯੂਗਾਂਡਾ ਤੇ ਸੈਨੇਗਲ ਦੀਆਂ ਤਿੰਨ ਥਾਵਾਂ ਨੂੰ ਵੀ ਸੰਕਟਗ੍ਰਸਤ ਆਲਮੀ ਵਿਰਾਸਤਾਂ ਦੀ ਸੂਚੀ ’ਚੋਂ ਹਟਾ ਦਿੱਤਾ ਗਿਆ ਹੈ।

You must be logged in to post a comment Login