ਨਵੀਂ ਦਿੱਲੀ, 7 ਅਪ੍ਰੈਲ : ਅਮਰੀਕਾ ਵਿਚ ਗੁਰਬਾਣੀ ਦੀ ਘੋਰ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੀ ਇਕ ਫਾਊਂਡੇਸ਼ਨ ਵੱਲੋਂ ਪਵਿੱਤਰ ਗੁਰਬਾਣੀ ਉੱਤੇ ਨੱਚਣ-ਟੱਪਣ, ਯੋਗਾ ਕਰਵਾਉਣ ਅਤੇ ਕੁੜੀਆਂ ਨੂੰ ਨਚਾਉਣ ਦੇ ਮਾਮਲੇ ਵਿਚ ਭਾਰਤ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਭਾਰਤ ਵਿਚ ਵੱਸਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਵਿਰੁੱਧ ਇਕ ਪਟੀਸ਼ਨ ਲਾਂਚ ਕਰਨ ਲਈ ਕਮਰਕੱਸ ਲਈ ਹੈ। ਸਿੱਖ ਭਾਈਚਾਰੇ ਦੇ ਲੋਕਾਂ ਕੋਲੋਂ ਪ੍ਰੋਫਾਰਮੇ ਭਰਵਾਏ ਜਾ ਰਹੇ ਹਨ, ਜਿਨਾਂ ਨੂੰ ਪਟੀਸ਼ਨ ਲਈ ਤੈਅ ਗਿਣਤੀ ਪੂਰੀ ਹੋਣ ਉੱਤੇ ਅਮਰੀਕਾ ਭੇਜਿਆ ਜਾਵੇਗਾ। ਜਾਣਕਾਰੀ ਮੁਤਾਬਕ ਅਮਰੀਕਾ ਦੇ ਸਾਂਤਾ ਕਰੂਜ਼ ਵਿਚ ਸਥਿਤ 3 ਐਚ ਓ ਫਾਊਂਡੇਸ਼ਨ ਵੱਲੋਂ 35 ਡਾਲਰਾਂ ਵਿਚ ਆਤਮਿਕ ਨਾਮ ਵੇਚਣ ਦੇ ਨਾਂ ਉੱਤੇ ਗੁਰਬਾਣੀ ‘ਤੇ ਨੱਚਣ, ਯੋਗਾ ਕਰਵਾਉਣ ਅਤੇ ਕੁੜੀਆਂ ਨੂੰ ਨਚਾ ਕੇ ਝੂਠੇ ਕਰਮਕਾਂਡ ਕਰਵਾਏ ਜਾ ਰਹੇ ਹਨ। ਸਿੱਖ ਆਗੂ ਸੁਰਜੀਤ ਸਿੰਘ ਨੇ ਦੱਸਿਆ ਕਿ 3 ਐਚ ਓ ਫਾਊਂਡੇਸ਼ਨ ਪੂਰੀ ਦੁਨੀਆ ਵਿਚ ਆਪਣੀਆਂ ਸ਼ਾਖਾਵਾਂ ਦਾ ਪ੍ਰਸਾਰ ਕਰ ਰਹੀ ਹੈ। ਉਨਾਂ ਦੱਸਿਆ ਕਿ ਇਸ ਤਰਾਂ ਦੇ ਝੂਠੇ ਕਰਮ ਕਾਂਡਾਂ ਨਾਲ ਸਿੱਖ ਧਰਮ ਦੇ ਅਕਸ ਨੂੰ ਢਾਹ ਲੱਗ ਰਹੀ ਹੈ। ਉਨਾਂ ਅਮਰੀਕੀ ਫਾਊਂਡੇਸ਼ਨ ਨੂੰ ਇਕ ਪੱਤਰ ਲਿਖ ਕੇ ਪੁੱਛਿਆ ਹੈ ਕਿ ਸਿੱਖ ਇਤਿਹਾਸ ਵਿਚ ਕਿਸ ਗੁਰੂ ਸਾਹਿਬ ਜੀ ਨੇ ਕਦੋਂ ਕਿਸਮਤ ਬਦਲਣ ਲਈ ਨਾਮ ਬਦਲ ਲੈਣ ਜਾਂ ਅਜਿਹਾ ਕੁਝ ਕਰਨ ਲਈ ਕਿਹਾ ਸੀ? ਉਨਾਂ ਪੱਤਰ ਵਿਚ ਲਿਖਿਆ ਹੈ ਕਿ ਫਾਊਂਡੇਸ਼ਨ ਵੱਲੋਂ 35 ਡਾਲਰ ਵਿਚ ਆਤਮਿਕ ਨਾਮ ਵੇਚਣਾ ਕੇਵਲ ਇਹੋ ਦਰਸਾਉਂਦਾ ਹੈ ਕਿ ਉਹ ਉਨਾਂ ਭੋਲੇ ਭਾਲੇ ਲੋਕਾਂ ਨੂੰ ਪੈਸੇ ਕਮਾਉਣ ਲਈ ਮੂਰਖ ਬਣਾ ਰਹੀ ਹੈ ਜੋ ਸਿੱਖ ਇਤਿਹਾਸ ਅਤੇ ਫਲਸਫੇ ਤੋਂ ਬਿਲਕੁੱਲ ਅਣਜਾਣ ਹਨ। ਉਨਾਂ ਫਾਊਂਡੇਸ਼ਨ ਨੂੰ ਸਵਾਲ ਕੀਤਾ ਕਿ ਉਹ ਇਸ ਕਰਮਕਾਂਡ ਨੂੰ ਸਹੀ ਠਹਿਰਾਉਂਦੇ ਹਨ ਤਾਂ ਇਸ ਪ੍ਰਤੀ ਗੁਰਬਾਣੀ ਰਾਹੀਂ ਪ੍ਰਮਾਣ ਦਿੱਤਾ ਜਾਵੇ। ਉਨਾਂ ਇਹ ਵੀ ਪੁੱਛਿਆ ਕਿ ਜੇਕਰ ਫਾਊਂਡੇਸ਼ਨ ਵੱਲੋਂ ਨਾਮ ਖਰੀਦਣ ਵਾਲੇ ਲੋਕ ਆਪਣੇ ਆਪ ਨੂੰ ਖਾਲਸੇ ਕਹਾਉਂਦੇ ਹਨ ਤਾਂ ਉਹ ਪੰਜ ਪਿਆਰਿਆਂ ਦੁਆਰਾ ਦ੍ਰਿੜ ਕਰਵਾਈ ਪੂਰਨ ਰਹਿਤ ਮਰਿਆਦਾ ਨੂੰ ਕਿਉਂ ਨਹੀਂ ਅਪਣਾਉਂਦੇ ਹਨ? ਉਨਾਂ ਕਿਹਾ ਕਿ ਫਾਊਂਡੇਸ਼ਨ ਦੀ ਵਜਾ ਨਾਲ ਬਿਨਾਂ ਕੇਸਾਂ ਦੇ ਆਪਣੇ ਨਾਮ ਨਾਲ ਖਾਲਸਾ ਸ਼ਬਦ ਜੋੜਨਾ ਸਿੱਖਾਂ ਦੇ ਅਕਸ ਨੂੰ ਪੂਰੀ ਦੁਨੀਆਂ ਵਿਚ ਖਰਾਬ ਕਰ ਰਿਹਾ ਹੈ। ਅੰਤ ਵਿਚ ਉਨਾਂ ਫਾਊਂਡੇਸ਼ਨ ਨੂੰ ਗੁਰਬਾਣੀ ਅਤੇ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀਆਂ ਇਨਾਂ ਕਾਰਵਾਈਆਂ ਉੱਤੇ ਤੁਰੰਤ ਰੋਕ ਲਾਉਣ ਲਈ ਕਿਹਾ ਹੈ ਤਾਂ ਜੋ ਪੂਰੀ ਦੁਨੀਆ ਵਿਚ ਆਪਸੀ ਪ੍ਰੇਮ ਭਾਵਨਾ ਅਤੇ ਭਾਈਚਾਰੇ ਦੇ ਮਾਹੌਲ ਨੂੰ ਕਾਇਮ ਰੱਖਿਆ ਜਾਵੇ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login