ਨਿਊਜਰਸੀ, 4 ਅਪ੍ਰੈਲ- : ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਜਿਸਮਾਨੀ ਸ਼ੋਸ਼ਣ ਦੇ ਅਪਰਾਧਾਂ ਵਿਚ 46 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪ੍ਰਵਾਸੀ ਭਾਰਤੀ ਹਿਤੇਨ ਪਟੇਲ ਨੇ 2012 ਵਿਚ ਪੰਜ ਔਰਤਾਂ ਨਾਲ ਮੂੰਹ ਕਾਲਾ ਕੀਤਾ ਸੀ। ਅਮਰੀਕੀ ਪੁਲਿਸ ਨੇ ਪਟੇਲ ਵਿਰੁੱਧ 22 ਅਪਰਾਧਕ ਮਾਮਲੇ ਦਰਜ ਕੀਤੇ ਸਨ। ਇਨਾਂ ਤੋਂ ਇਲਾਵਾ ਅਟਲਾਂਟਿਕ ਸਿਟੀ ਵਿਚ ਵੀ ਜਿਸਮਾਨੀ ਸ਼ੋਸ਼ਣ ਦੀਆਂ ਕੋਸ਼ਿਸ਼ਾਂ ਦੇ ਦੋਸ਼ ਆਇਦ ਕੀਤੇ ਗਏ ਸਨ। ਅਦਾਲਤ ਵਿਚ ਸਜ਼ਾ ਸੁਣਾਏ ਜਾਣ ਉੱਤੇ ਹਿਤੇਨ ਪਟੇਲ ਨੇ ਕਿਹਾ ਕਿ ਉਹ ਦੋਸ਼ੀ ਨਹੀਂ ਹੈ। ਉਸ ਨੇ ਕਿਸੇ ਨਾਲ ਕੁਝ ਵੀ ਜ਼ਬਰਦਸਤੀ ਨਹੀਂ ਕੀਤਾ ਹੈ। ਅਟਲਾਂਟਿਕ ਕਾਊਂਟੀ ਦੇ ਸਰਕਾਰੀ ਦਫਤਰ ਨੇ ਦੱਸਿਆ ਕਿ ਪਟੇਲ ਨੇ ਦਾਅਵਾ ਕੀਤਾ ਸੀ ਕਿ ਔਰਤਾਂ ਵੇਸਵਾਵਾਂ ਸਨ ਅਤੇ ਉਨਾਂ ਦੀ ਰਜ਼ਾਮੰਦੀ ਨਾਲ ਹੀ ਉਸ ਨੇ ਉਨਾਂ ਨਾਲ ਜਿਸਮਾਨੀ ਸਬੰਧ ਬਣਾਏ ਸਨ ਪਰ ਜਾਂਚ ਵਿਚ ਇਹ ਦਾਅਵਾ ਝੂਠਾ ਸਾਬਿਤ ਹੋਇਆ ਹੈ। ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਾਇਆ ਕਿ ਪਟੇਲ ਔਰਤਾਂ ਦਾ ਜਿਸਮਾਨੀ ਸ਼ੋਸ਼ਣ ਕਰਨ ਦਾ ਆਦੀ ਹੋ ਚੁੱਕਾ ਸੀ। ਪਟੇਲ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਉਹ ਘਰੋਂ ਵੀ ਫਰਾਰ ਹੋ ਗਿਆ ਸੀ। ਪੁਲਿਸ ਨੇ ਅਗਸਤ 2012 ਵਿਚ ਪਟੇਲ ਨੂੰ ਗ੍ਰਿਫਤਾਰ ਕੀਤਾ ਸੀ। ਉੱਧਰ ਪੀੜਤਾਂ ਨੇ ਹਿਤੇਨ ਪਟੇਲ ਨੂੰ ਸਜ਼ਾ ਸੁਣਾਏ ਜਾਣ ਉੱਤੇ ਖੁਸ਼ੀ ਜਾਹਿਰ ਕੀਤੀ ਹੈ। ਉਨਾਂ ਦਾ ਕਹਿਣਾ ਹੈ ਕਿ ਜਿਸ ਸਜ਼ਾ ਦਾ ਉਹ ਹੱਕਦਾਰ ਸੀ, ਉਸ ਨੂੰ ਉਹ ਸਜ਼ਾ ਮਿਲ ਗਈ ਹੈ।
						
You must be logged in to post a comment Login