ਅਮਰੀਕਾ ਤੋਂ ਲਾਰੈਂਸ ਬਿਸ਼ਨੋਈ ਦੇ ਭਰਾ ਨੂੰ ਵਾਪਸ ਲਿਆਉਣ ਲਈ ਹਵਾਲਗੀ ਪ੍ਰਕਿਰਿਆ ਸ਼ੁਰੂ

ਅਮਰੀਕਾ ਤੋਂ ਲਾਰੈਂਸ ਬਿਸ਼ਨੋਈ ਦੇ ਭਰਾ ਨੂੰ ਵਾਪਸ ਲਿਆਉਣ ਲਈ ਹਵਾਲਗੀ ਪ੍ਰਕਿਰਿਆ ਸ਼ੁਰੂ

ਮੁੰਬਈ, 2 ਨਵੰਬਰ- ਮੁੰਬਈ ਪੁਲੀਸ ਦੀ ਕ੍ਰਾਈਮ ਬਰਾਂਚ ਨੇ ਬੌਲੀਵੁਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ’ਚ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਲਈ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੁੰਬਈ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਅਦਾਲਤ ਨੇ ਪਹਿਲਾਂ ਹੀ ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੋਇਆ ਹੈ ਅਤੇ ਨਾਲ ਹੀ ਉਸ ਦੀ ਵਿਦੇਸ਼ ਵਿਚ ਭਾਲ ਕਰਨ ਲਈ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੈ। ਮੁੰਬਈ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨ ਲਈ ਕੁਝ ਅਦਾਲਤੀ ਦਸਤਾਵੇਜ਼ਾਂ ਦੀ ਉਡੀਕ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਲਈ ਇੱਕ ਰਸਮੀ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਨੇ ਕਿਹਾ ਕਿ ਵਿਦੇਸ਼ ਤੋਂ ਕਿਸੇ ਅਪਰਾਧੀ ਨੂੰ ਵਾਪਸ ਲਿਆਉਣ ਲਈ ਅਦਾਲਤੀ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਦੀ ਜ਼ਰੂਰਤ ਹੁੰਦੀ ਹੈ।

You must be logged in to post a comment Login