ਅਮਰੀਕਾ ਵਿਰੋਧੀ ਨੀਤੀਆਂ’ ਨਾਲ ਜੁੜਨ ਵਾਲੇ ਮੁਲਕਾਂ ਨੂੰ 10 ਫੀਸਦ ਵਾਧੂ ਟੈਕਸ ਲੱਗੇਗਾ

ਅਮਰੀਕਾ ਵਿਰੋਧੀ ਨੀਤੀਆਂ’ ਨਾਲ ਜੁੜਨ ਵਾਲੇ ਮੁਲਕਾਂ ਨੂੰ 10 ਫੀਸਦ ਵਾਧੂ ਟੈਕਸ ਲੱਗੇਗਾ

ਵਾਸ਼ਿੰਗਟਨ, 7 ਜੁਲਾਈ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਹਮਲਾਵਰ ਰੁਖ਼ ਦਿਖਾਉਂਦਿਆਂ ਕਿਹਾ ਕਿ ਜਿਹੜਾ ਵੀ ਮੁਲਕ BRICS ਦੀ ‘ਅਮਰੀਕਾ ਵਿਰੋਧੀ ਨੀਤੀਆਂ’ ਨਾਲ ਖ਼ੁਦ ਨੂੰ ਜੋੜੇਗਾ, ਉਨ੍ਹਾਂ ਉੱਤੇ ਅਮਰੀਕਾ ਵੱਲੋਂ ਵਾਧੂ ਦਰਾਮਦ ਟੈਕਸ (Tariff) ਲਗਾਇਆ ਜਾਵੇਗਾ।ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੁਥ ਸੋਸ਼ਲ ’ਤੇ ਇਕ ਪੋਸਟ ਵਿਚ ਲਿਖਿਆ, ‘‘ਕੋਈ ਵੀ ਮੁਲਕ ਜੋ BRICS ਦੀਆਂ ਅਮਰੀਕਾ ਵਿਰੋਧੀ ਨੀਤੀਆਂ ਨਾਲ ਖੁ਼ਦ ਨੂੰ ਜੋੜਦਾ ਹੈ, ਉੱਤੇ ’ਤੇ 10 ਫੀਸਦ ਵਾਧੂ ਟੈਕਸ ਲਗਾਇਆ ਜਾਵੇਗਾ। ਇਸ ਨੀਤੀ ਵਿਚ ਕੋਈ ਅਪਵਾਦ ਨਹੀਂ ਹੋਵੇਗਾ। ਕ੍ਰਿਪਾ ਕਰਕੇ ਇਸ ਮਾਮਲੇ ’ਤੇ ਧਿਆਨ ਦਿਓ।’’ ਟਰੰਪ ਨੇ ਹਾਲਾਂਕਿ ਆਪਣੀ ਇਸ ਪੋਸਟ ਵਿਚ ‘ਅਮਰੀਕਾ ਵਿਰੋਧੀ ਨੀਤੀਆਂ’ ਦਾ ਸਪਸ਼ਟ ਰੂਪ ਵਿਚ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਦੱਸਿਆ ਕਿ ਉਹ ਕਿਹੜੀਆਂ ਨੀਤੀਆਂ ਨੂੰ ਇਸ ਵਰਗ ਵਿਚ ਮੰਨਦੇ ਹਨ। BRICS (ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ) ਦੀ ਸਥਾਪਨਾ 2009 ਵਿਚ ਹੋਈ ਸੀ, ਜਿਸ ਦਾ ਮਕਸਦ ਆਲਮੀ ਬਹੁਧਰੁਵੀਕਰਨ ਨੂੰ ਹੱਲਾਸ਼ੇਰੀ ਦੇਣਾ ਤੇ ਪੱਛਮੀ ਮੁਲਕਾਂ ਦੇ ਦਬਦਬੇ ਨੂੰ ਚੁਣੌਤੀ ਦੇਣਾ ਰਿਹਾ ਹੈ। ਪਿਛਲੇ ਸਾਲ ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਨੂੰ ਵੀ ਇਸ ਸਮੂਹ ਵਿੱਚ ਮੈਂਬਰਸ਼ਿਪ ਦਿੱਤੀ ਗਈ ਸੀ।

You must be logged in to post a comment Login