ਅਮਰੀਕਾ ਵੱਲੋਂ ਡਿਪੋਰਟ ਕੀਤੇ ਨੌਜਵਾਨ ਦੀ ਸ਼ਿਕਾਇਤ ’ਤੇ ਟਰੈਵਲ ਏਜੰਟ ਖ਼ਿਲਾਫ਼ ਕੇਸ ਦਰਜ

ਅਮਰੀਕਾ ਵੱਲੋਂ ਡਿਪੋਰਟ ਕੀਤੇ ਨੌਜਵਾਨ ਦੀ ਸ਼ਿਕਾਇਤ ’ਤੇ ਟਰੈਵਲ ਏਜੰਟ ਖ਼ਿਲਾਫ਼ ਕੇਸ ਦਰਜ

ਅੰਮ੍ਰਿਤਸਰ, 7 ਫਰਵਰੀ- ਅਮਰੀਕਾ ਵਿੱਚ ਗੈਰਕਾਨੂੰਨੀ ਪਰਵਾਸ ਕਾਰਨ ਭਾਰਤ ਡਿਪੋਰਟ ਕੀਤੇ ਗਏ ਇੱਕ ਨੌਜਵਾਨ ਦਲੇਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਇੱਥੇ ਇੱਕ ਟਰੈਵਲ ਏਜੰਟ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ 104 ਪਰਵਾਸੀ ਭਾਰਤੀ ਅਮਰੀਕਾ ਤੋਂ ਭਾਰਤ ਪਰਤੇ ਹਨ। ਇਨ੍ਹਾਂ ਭਾਰਤੀਆਂ ਨੂੰ ਅਮਰੀਕਾ ਸਰਕਾਰ ਵੱਲੋਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿਣ ਦੇ ਦੋਸ਼ ਹੇਠ ਡਿਪੋਰਟ ਕੀਤਾ ਗਿਆ ਹੈ। ਪਿੰਡ ਸਲੇਮਪੁਰ ਦੇ ਵਾਸੀ ਦਲੇਰ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਸਤਨਾਮ ਸਿੰਘ ਨਾਂ ਦੇ ਵਿਅਕਤੀ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਉਸ ਨੇ ਦੋਸ਼ ਲਾਇਆ ਕਿ ਸਤਨਾਮ ਸਿੰਘ ਨੇ ਟਰੈਵਲ ਏਜੰਟ ਵਜੋਂ ਉਸ ਨੂੰ ਜਾਇਜ਼ ਵੀਜੇ ’ਤੇ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਗੈਰਕਾਨੂੰਨੀ ਢੰਗ ਨਾਲ ਭੇਜਿਆ ਗਿਆ। ਇਸ ਕਾਰਨ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਦਾ ਬਾਰਡਰ ਪਾਰ ਕਰਨ ਲਈ ਮਜਬੂਰ ਕੀਤਾ ਗਿਆ, ਜਿੱਥੇ ਉਸ ਨੂੰ ਯੂਐਸ ਬਾਰਡਰ ਪੈਟਰੋਲ ਸੁਰੱਖਿਆ ਬਲ ਨੇ 15 ਜਨਵਰੀ ਨੂੰ ਕਾਬੂ ਕਰ ਲਿਆ ਅਤੇ ਕਈ ਦਿਨ ਹਿਰਾਸਤ ਵਿੱਚ ਰੱਖਿਆ ਗਿਆ। ਉਸਨੂੰ ਅਮਰੀਕਾ ਜਾਣ ਵਾਸਤੇ ਡੰਕੀ ਰੂਟ ਦਾ ਇਸਤੇਮਾਲ ਕਰਦਿਆਂ ਪਨਾਮਾ ਦੇ ਜੰਗਲਾਂ ਅਤੇ ਹੋਰ ਕਈ ਔਖੇ ਰਾਹਾਂ ਵਿੱਚੋਂ ਲੰਘਣਾ ਪਿਆ। ਗ਼ੌਰਤਲਬ ਹੈ ਕਿ ਦਲੇਰ ਸਿੰਘ ਪਹਿਲਾਂ ਇਥੇ ਇੱਕ ਬੱਸ ਚਾਲਕ ਸੀ ਅਤੇ ਲਗਭਗ 15000 ਮਹੀਨਾ ਕਮਾਉਂਦਾ ਸੀ। ਵਿਦੇਸ਼ ਜਾਣ ਵਾਸਤੇ ਉਸ ਨੇ ਲੱਖਾਂ ਰੁਪਏ ਖ਼ਰਚ ਕੀਤੇ ਹਨ।

You must be logged in to post a comment Login