ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਭਾਰਤ ਆਉਣਗੇ

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਭਾਰਤ ਆਉਣਗੇ

ਨਵੀਂ ਦਿੱਲੀ, 17 ਅਪਰੈਲ- ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵਾਂਸ ਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ 21 ਅਪਰੈਲ ਤੋਂ ਚਾਰ ਦਿਨਾ ਸਰਕਾਰੀ ਦੌਰੇ ਲਈ ਭਾਰਤ ਆਉਣਗੇ। ਉਪ ਰਾਸ਼ਟਰਪਤੀ ਤੇ ਉਨ੍ਹਾਂ ਦਾ ਪਰਿਵਾਰ ਆਪਣੀ ਇਸ ਫੇਰੀ ਦੌਰਾਨ ਜੈਪੁਰ ਤੇ ਆਗਰਾ ਵੀ ਜਾਵੇਗਾ। ਭਾਰਤ ਵਿਚ ਆਪਣੀ ਠਹਿਰ ਦੌਰਾਨ ਵਾਂਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਣਗੇ। ਅਮਰੀਕੀ ਉਪ ਰਾਸ਼ਟਰਪਤੀ ਅਜਿਹੇ ਮੌਕੇ ਭਾਰਤ ਆ ਰਹੇ ਹਨ ਜਦੋਂ ਦੋਵਾਂ ਮੁਲਕਾਂ ਦਰਮਿਆਨ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਜਾਰੀ ਹੈ। ਸ੍ਰੀ ਮੋਦੀ ਨਾਲ ਮੁਲਾਕਾਤ ਭਾਵੇਂ ਅਧਿਕਾਰਤ ਰੁਝੇਵਾਂ ਹੋਵੇਗਾ ਜਦੋਂਕਿ ਭਾਰਤ ਦੇ ਹੋਰਨਾਂ ਹਿੱਸਿਆਂ ਦੀ ਫੇਰੀ ‘ਨਿੱਜੀ’ ਰਹੇਗੀ। ਵਾਂਸ ਪਰਿਵਾਰ, ਜਿਨ੍ਹਾਂ ਵਿਚ ਉਨ੍ਹਾਂ ਦੇ ਤਿੰਨ ਬੱਚੇ ਵੀ ਸ਼ਾਮਲ ਹਨ, ਦੇ ਆਗਰਾ ਵਿਚ ਤਾਜ ਮਹਿਲ ਜਾਣ ਦੀ ਵੀ ਉਮੀਦ ਹੈ। ਇਸ ਤੋਂ ਇਲਾਵਾ ਅਮਰੀਕੀ ਉਪ ਰਾਸ਼ਟਰਪਤੀ ਦਾ ਪਰਿਵਾਰ ਕਈ ਸਭਿਆਚਾਰਕ ਰੁਝੇਵਿਆਂ ਵਿਚ ਵੀ ਸ਼ਾਮਲ ਹੋਵੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ‘ਦੋਵਾਂ ਧਿਰਾਂ ਨੂੰ ਦੁਵੱਲੇ ਸਬੰਧਾਂ ਵਿੱਚ ਪ੍ਰਗਤੀ ਅਤੇ 13 ਫਰਵਰੀ ਨੂੰ ਜਾਰੀ ਕੀਤੇ ਗਏ ਭਾਰਤ-ਅਮਰੀਕਾ ਸਾਂਝੇ ਬਿਆਨ ਦੇ ਨਤੀਜਿਆਂ ਨੂੰ ਲਾਗੂ ਕਰਨ ਦੀ ਸਮੀਖਿਆ ਕਰਨ ਦਾ ਮੌਕਾ ਪ੍ਰਦਾਨ ਕਰੇਗਾ।’ ਇਹ ਬਿਆਨ, ਜਿਸ ਵਿੱਚ ਵਪਾਰਕ ਸਬੰਧਾਂ ’ਤੇ ਜ਼ੋਰ ਦਿੱਤਾ ਗਿਆ ਸੀ, ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਤੋਂ ਬਾਅਦ ਜਾਰੀ ਕੀਤਾ ਗਿਆ ਸੀ।

You must be logged in to post a comment Login