ਅਸ਼ਿਵਨ 500 ਵਿਕਟਾਂ ਲੈਣ ਵਾਲਾ ਦੂਜਾ ਭਾਰਤੀ ਗੇਂਦਬਾਜ਼ ਬਣਿਆ

ਅਸ਼ਿਵਨ 500 ਵਿਕਟਾਂ ਲੈਣ ਵਾਲਾ ਦੂਜਾ ਭਾਰਤੀ ਗੇਂਦਬਾਜ਼ ਬਣਿਆ

ਰਾਜਕੋਟ, 17 ਫਰਵਰੀ- ਤਜਰਬੇਕਾਰ ਆਫ ਸਪਿੰਨਰ ਰਵੀਚੰਦਰਨ ਅਸ਼ਿਵਨ ਅੱਜ ਇੱਥੇ ਇੰਗਲੈਂਡ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਦੌਰਾਨ ਸਾਬਕਾ ਕਪਤਾਨ ਅਨਿਲ ਕੁੰਬਲੇ ਮਗਰੋਂ 500 ਟੈਸਟ ਵਿਕਟ ਹਾਸਲ ਕਰਨ ਵਾਲਾ ਦੂਜਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਅਸ਼ਿਵਨ ਇਹ ਪ੍ਰਾਪਤੀ ਕਰਨ ਵਾਲਾ ਸਿਰਫ਼ ਤੀਜਾ ਆਫ ਸਪਿੰਨਰ ਹੈ। ਉਹ ਕੁੰਬਲੇ ਮਗਰੋਂ ਭਾਰਤ ਦਾ ਦੂਜਾ ਸਭ ਤੋਂ ਸਫ਼ਲ ਟੈਸਟ ਗੇਂਦਬਾਜ਼ ਵੀ ਹੈ। ਕੁੰਬਲੇ ਦੇ ਨਾਂ 619 ਟੈਸਟ ਵਿਕਟਾਂ ਦਰਜ ਹਨ। ਅਸ਼ਿਵਨ ਨੇ ਤੀਜੇ ਟੈਸਟ ਦੇ ਦੂਜੇ ਦਿਨ ਇਹ ਪ੍ਰਾਪਤੀ ਹਾਸਲ ਕੀਤੀ। ਉਸ ਨੂੰ ਇਹ ਪ੍ਰਾਪਤੀ ਹਾਸਲ ਕਰਨ ਲਈ ਸਿਰਫ਼ ਇੱਕ ਵਿਕਟ ਦੀ ਲੋੜ ਸੀ। ਇੰਗਲੈਂਡ ਦਾ ਸਲਾਮੀ ਬੱਲੇਬਾਜ਼ ਜੈਕ ਕਾਊਲੀ ਉਸ ਦੀ ਗੇਂਦ ਨੂੰ ਸਵੀਪ ਕਰਨ ਦੀ ਕੋਸ਼ਿਸ਼ ਵਿੱਚ ਹਵਾ ’ਚ ਉਛਾਲ ਗਿਆ ਅਤੇ ਸ਼ਾਟ ਫਾਈਨ ਲੈੱਗ ’ਤੇ ਰਜਤ ਪਾਟੀਦਾਰ ਨੇ ਇਸ ਨੂੰ ਸੌਖਿਆਂ ਹੀ ਕੈਚ ਕਰ ਲਿਆ। ਅਸ਼ਿਵਨ ਵਿੱਚ ਹਮੇਸ਼ਾ ਸਰਵੋਤਮ ਬਣਨ ਦੀ ਇੱਛਾ ਰਹੀ ਹੈ ਪਰ 2018-19 ਦਰਮਿਆਨ ਅਜਿਹਾ ਦੌਰ ਵੀ ਆਇਆ, ਜਦੋਂ ਇਸ ਦਿੱਗਜ਼ ਸਪਿੰਨਰ ਨੂੰ ਲੱਗਿਆ ਕਿ ਉਸ ਲਈ ਸਭ ਕੁਝ ਖ਼ਤਮ ਹੋ ਗਿਆ ਹੈ। ਆਪਣੇ 98ਵੇਂ ਟੈਸਟ ਵਿੱਚ ਖੇਡਦਿਆਂ ਅਸ਼ਿਵਨ ਨੇ ਆਪਣੇ ਕਰੀਅਰ ਦੇ ਉਸ ਮਾੜੇ ਦੌਰ ਬਾਰੇ ਗੱਲ ਕੀਤੀ। ਅਸ਼ਿਵਨ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਮਗਰੋਂ ਕੁੰਬਲੇ ਨੂੰ ਕਿਹਾ, ‘‘ਮੇਰੇ ਲਈ ਜ਼ਿੰਦਗੀ ਉਤਰਾਅ-ਚੜਾਅ ਵਾਲੀ ਰਹੀ ਹੈ ਅਤੇ ਮੇਰੇ ਲਈ ਸਭ ਤੋਂ ਮਾੜਾ ਸਮਾਂ 2018 ਤੋਂ 2019 ਵਿਚਕਾਰਲਾ ਸੀ। ਮੈਂ ਆਈਸੀਸੀ ਦਾ ਸਾਲ ਦਾ ਸਰਵੋਤਮ ਕ੍ਰਿਕਟਰ ਬਣਿਆ ਸੀ ਅਤੇ ਮੈਂ ਦੁਨੀਆ ਵਿੱਚ ਸਿਖਰ ’ਤੇ ਸੀ।’’ ਅਸ਼ਿਵਨ ਨੇ ਕਿਹਾ ਕਿ ਸਾਲ 2018 ਵਿੱਚ ਸੱਟ ਲੱਗਣ ਕਾਰਨ ਉਸ ਨੂੰ ਨਹੀਂ ਪਤਾ ਸੀ ਕਿ ਉਹ ਕਦੇ ਮੁੜ ਕ੍ਰਿਕਟ ਖੇਡ ਸਕੇਗਾ ਜਾਂ ਨਹੀਂ।

You must be logged in to post a comment Login