ਅਸੀਂ ਆਪਣੇ ਤਮਗੇ ਤੇ ਪੁਰਸਕਾਰ ਮੋੜ ਦਿਆਂਗੇ, ਐਨੀ ਬੇਇੱਜ਼ਤੀ ਤੋਂ ਬਾਅਦ ਇਨ੍ਹਾਂ ਦੀ ਕੋਈ ਤੁੱਕ ਨਹੀਂ ਰਹੀ: ਬਜਰੰਗ

ਅਸੀਂ ਆਪਣੇ ਤਮਗੇ ਤੇ ਪੁਰਸਕਾਰ ਮੋੜ ਦਿਆਂਗੇ, ਐਨੀ ਬੇਇੱਜ਼ਤੀ ਤੋਂ ਬਾਅਦ ਇਨ੍ਹਾਂ ਦੀ ਕੋਈ ਤੁੱਕ ਨਹੀਂ ਰਹੀ: ਬਜਰੰਗ

ਨਵੀਂ ਦਿੱਲੀ, 4 ਮਈ- ਦਿੱਲੀ ਪੁਲੀਸ ਦੇ ਦੁਰਵਿਵਹਾਰ ਤੋਂ ਦੁਖੀ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਸਰਕਾਰ ਨੂੰ ਆਪਣੇ ਤਮਗੇ ਅਤੇ ਪੁਰਸਕਾਰ ਵਾਪਸ ਕਰਨ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੂੰ ਜਿਸ ਤਰ੍ਹਾਂ ਬੇਇਜ਼ੱਤ ਕੀਤਾ ਜਾ ਰਿਹਾ ਹੈ ਉਸ ਨਾਲ ਇਨ੍ਹਾਂ ਪੁਰਸਕਾਰਾਂ ਤੇ ਤਮਗਿਆਂ ਦੀ ਕੋਈ ਤੁੱਕ ਨਹੀਂ ਰਹਿ ਜਾਂਦੀ। ਓਲੰਪਿਕ ਕਾਂਸੀ ਤਮਗਾ ਜੇਤੂ ਬਜਰੰਗ ਨੇ ਅੱਜ ਸਵੇਰੇ ਪੱਤਰਕਾਰਾਂ ਨੂੰ ਕਿਹਾ, ‘ਜੇ ਪਹਿਲਵਾਨਾਂ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ ਤਾਂ ਅਸੀਂ ਇਨ੍ਹਾਂ ਮੈਡਲਾਂ ਦਾ ਕੀ ਕਰਾਂਗੇ। ਇਸ ਦੀ ਬਜਾਏ ਅਸੀਂ ਭਾਰਤ ਸਰਕਾਰ ਨੂੰ ਆਪਣੇ ਸਾਰੇ ਮੈਡਲ ਅਤੇ ਪੁਰਸਕਾਰ ਵਾਪਸ ਕਰ ਦੇਵਾਂਗੇ ਅਤੇ ਆਮ ਜ਼ਿੰਦਗੀ ਜੀਵਾਂਗੇ। ਅਸੀਂ ਪਦਮਸ੍ਰੀ ਪੁਰਸਕਾਰ ਜੇਤੂ ਹਾਂ ਅਤੇ ਸਿਰਫ ਮੈਂ ਹੀ ਨਹੀਂ, ਸਾਕਸ਼ੀ (ਮਲਿਕ) ਵੀ ਇੱਥੇ ਹੈ। ਉਹ ਸਾਡੇ ਨਾਲ ਦੁਰਵਿਵਹਾਰ ਕਰ ਰਹੇ ਹਨ। ਔਰਤਾਂ ਅਤੇ ਧੀਆਂ ਸੜਕਾਂ ‘ਤੇ ਬੈਠੀਆਂ ਰਹਿਮ ਦੀ ਭੀਖ ਮੰਗ ਰਹੀਆਂ ਹਨ ਪਰ ਕੋਈ ਪ੍ਰਵਾਹ ਨਹੀਂ ਕਰ ਰਿਹਾ।’ ਖੇਲ ਰਤਨ ਐਵਾਰਡੀ ਵਿਨੇਸ਼ ਫੋਗਾਟ ਨੇ ਕਿਹਾ, ‘ਸਾਡੇ ਤੋਂ ਸਾਰੇ (ਤਗਮੇ) ਲੈ ਲਓ। ਸਾਨੂੰ ਬਹੁਤ ਜ਼ਲੀਲ ਕੀਤਾ ਗਿਆ ਹੈ। ਅਸੀਂ ਆਪਣੀ ਇੱਜ਼ਤ ਲਈ ਲੜ ਰਹੇ ਹਾਂ ਪਰ ਸਾਨੂੰ ਕੁਚਲਿਆ ਜਾ ਰਿਹਾ ਹੈ। ਕੀ ਸਾਰੇ ਮਰਦਾਂ ਨੂੰ ਔਰਤਾਂ ਨਾਲ ਦੁਰਵਿਵਹਾਰ ਕਰਨ ਦਾ ਹੱਕ ਹੈ? ਅਸੀਂ ਆਪਣੇ ਸਾਰੇ ਮੈਡਲ ਵਾਪਸ ਕਰ ਦੇਵਾਂਗੇ, ਭਾਵੇਂ ਅਸੀਂ ਆਪਣੀ ਜਾਨ ਵੀ ਦੇ ਦੇਵਾਂਗੇ ਪਰ ਘੱਟੋ-ਘੱਟ ਸਾਨੂੰ ਇਨਸਾਫ਼ ਤਾਂ ਦਿਓ।’

You must be logged in to post a comment Login