-ਸਮਾਜਿਕ ਕੁਰੀਤੀਆਂ ‘ਤੇ ਵਿਅੰਗ ਕਸਦਾ ਗੁਰਚੇਤ ਚਿੱਤਰਕਾਰ ਦਾ ਨਾਟਕ-
ਪਟਿਆਲਾ/ਸੂਲਰ, 8 ਅਪ੍ਰੈਲ (ਕੰਬੋਜ)-ਸਮਾਜਿਕ ਕੁਰਤੀਆਂ ‘ਤੇ ਵਿਅੰਗ ਕਸਦਾ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਨਾਟਕ ‘ਅਸੀਂ ਬੋਲਾਂਗੇ ਸੱਚ’ ਦੀ ਬੀਤੇ ਕੱਲ ਸ਼ਾਮ ਪੰਜਾਬੀ ਯੂਨੀਵਰਸਿਟੀ ਵਿਖੇ ਪੇਸ਼ਕਾਰੀ ਕੀਤੀ ਗਈ ਅਤੇ ਇਸ ਨਾਟਕ ਦੌਰਾਨ ਐਨਾ ਇਕੱਠ ਸੀ ਕਿ ਪੈਰ ਧਰਨ ਲਈ ਵੀ ਥਾਂ ਨਹੀਂ ਸੀ। ਇਕੱਠੇ ਪੱਖੋਂ ਇਹ ਨਾਟਕ ਇਤਿਹਾਸ ਸਿਰਜ਼ ਗਿਆ। ਨਾਟਕ ਦੌਰਾ ਹਾਲ ਪੂਰੀ ਤਰ੍ਹਾਂ ਭਰਿਆ ਪਿਆ ਸੀ ਤੇ ਹੋਰ ਤਾਂ ਹੋਰ ਦਰਸ਼ਕ ਸਟੇਜ ਦੇ ਆਲੇ ਦੁਆਲੇ ਤੱਕ ਦੇਖਣ ਲਈ ਜੁੜੇ ਹੋਏ ਸਨ।
ਇਹ ਨਾਟਕ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਕਰਵਾਏ ‘ਪ੍ਰੋਗਰਾਮ ਮੰਗਲਕਾਮਨਾ’ ਦੌਰਾਨ ਗੁਰਚੇਤ ਚਿੱਤਰਕਾਰ ਅਤੇ ਉਸਦੀ ਟੀਮ ਵਲੋਂ ਪੇਸ਼ ਕੀਤਾ ਗਿਆ। ਇਸ ਸਮਾਰੋਹ ਦਾ ਆਰੰਭ ਪਟਿਆਲਾ ਦੇ ਡੀ. ਸੀ. ਸ੍ਰੀ ਵਰੁਣ ਰੂਜ਼ਮ ਵਲੋਂ ਕੀਤਾ ਗਿਆ, ਜੋਕਿ ਸਤੀਸ਼ ਕੁਮਾਰ ਵਰਮਾ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵੀ. ਸੀ. ਡਾ. ਜਸਪਾਲ ਸਿੰਘ ਨੇ ਨਾਟਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਮਾਜਿਕ ਸੇਧ ਦਿੰਦਾ ਇਹ ਨਾਟਕ ਅਤੇ ਨਾਟਕ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਅਤੇ ਇਕੱਠੇ ਉਨ੍ਹਾਂ ਆਪਣੀ ਉਮਰ ਵਿਚ ਕਦੇ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਇਸ ਨਾਟਕ ਦੀ ਕਹਾਣੀ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਖਿਲਾਫ ਜਾਗਰੂਕ ਕਰਦੀ ਹੈ। ਨਾਟਕ ਦੇ ਲੇਖਕ ਪ੍ਰਸਿੱਧ ਕਾਮੇਡੀਅਨ ਗੁਰਚੇਤ ਚਿੱਤਰਕਾਰ ਹਨ, ਜਿਨ੍ਹਾਂ ਨੇ ਇਸ ਵਿਚ ਬਿੱਕਰ ਸਿੰਘ ਪ੍ਰਧਾਨ ਦੀ ਭੂਮਿਕਾ ਨਿਭਾਈ ਹੈ। ਇਸ ਤੋਂ ਬਿਨ੍ਹਾਂ ਨਾਟਕ ਵਿਚ ਰੁਪਿੰਦਰ ਕੌਰ ਰੂਪੀ ਵਲੋਂ ਸੁਰਜੀਤ ਕੌਰ ਦਾ ਰੋਲ, ਜ਼ੋਰਾ ਜੈਲਦਾਰ ਵਲੋਂ ਜੈਲੇ ਦੀ ਭੂਮਿਕਾ ਨਿਭਾਈ ਗਈ ਅਤੇ ਪ੍ਰੀਤਮ ਸਿੰਘ, ਗੁਰਸੇਵਕ ਚੱਠਾ, ਪ੍ਰਕਾਸ਼, ਮਲਕੀਤ ਰੌਣੀ, ਸੋਮਪਾਲ ਹੀਰਾ ਆਦਿ ਵਲੋਂ ਆਪੋ ਆਪਣੀ ਭੂਮਿਕਾ ਨਿਭਾਅ ਕੇ ਨਾਟਕ ਵਿਚ ਪੂਰੀ ਜਾਨ ਪਾਈ।
ਐਨਾ ਹਸਾਉਣ ਦੇ ਬਾਵਜੂਦ ਵੀ ਨਾਟਕ ਦੇ ਅੰਤ ਵਿਚ ਇਕਦਮ ਨਵਾਂ ਮੋੜ ਆਉਂਦਾ ਹੈ, ਜੋ ਸਭ ਦਰਸ਼ਕਾਂ ਨੂੰ ਨਾ ਸਗੋਂ ਭਾਵੁਕ ਕਰ ਦਿੰਦਾ ਹੈ, ਬਲਕਿ ਸੋਚਣ ਲਈ ਵੀ ਮਜ਼ਬੂਰ ਕਰਦਾ ਹੈ। ਨਾਟਕ ਦੇ ਅੰਤ ਵਿਚ ਸਭ ਦੀਆਂ ਅੱਖਾਂ ਵਿਚ ਹੰਝੂ ਸਨ। ‘ਅਸੀਂ ਬੋਲਾਂਗੇ ਸੱਚ’ ਭਾਵੇਂ ਕਾਮੇਡੀ ਭਰਪੂਰ ਪਰਿਵਾਰਕ ਨਾਟਕ ਸੀ, ਪਰ ਇਹ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਪ੍ਰਤੀ ਲੜਨ ਲਈ ਬਹੁਤ ਵੱਡੇ ਵੱਡੇ ਸੁਨੇਹੇ ਵੀ ਦੇ ਕੇ ਗਿਆ। ਨਾਟਕ ਵਿਚ ਪਾਖੰਡੀ ਸਾਧੂਆਂ, ਭ੍ਰਿਸ਼ਟ ਲੀਡਰਾਂ, ਰਿਸ਼ਵਰਤਖੌਰੀ ਆਦਿ ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਨਵੀਂ ਸੇਧ ਦਿੱਤੀ ਗਈ ਹੈ। ਅੰਤ ਵਿਚ ਵੀ. ਸੀ. ਡਾ. ਜਸਪਾਲ ਸਿੰਘ ਅਤੇ ਡੀ. ਸੀ. ਸ੍ਰੀ ਵਰੂਣ ਰੂਜ਼ਮ ਵਲੋਂ ‘ਅਸੀਂ ਬੋਲਾਂਗੇ ਸੱਚ’ ਦੀ ਸਾਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਹ ਸ਼ੋਅ ਭਾਵੇਂ ਦੋ ਘੰਟੇ ਸੀ ਪਰ ਦਰਸ਼ਕਾਂ ਵਲੋਂ ਮਿਲ ਰਹੇ ਪਿਆਰ ਤੇ ਤਾੜੀਆਂ ਤੇ ਵਾਹ-ਵਾਹ ਕਰਕੇ ਇਹ ਨਾਟਕ ਦੋ ਘੰਟੇ ਮਗਰੋਂ ਹੀ ਖਤਮ ਹੋ ਸਕਿਆ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚ ਅੱਜ ਵੀ ਇਸ ਸ਼ੋਅ ਦੇ ਚਰਚੇ ਹੋ ਰਹੇ ਹਨ।
ਮੇਰੀ ਖੁਦ ਦੀ ਫੈਮਿਲੀ ਵੀ ਨਹੀਂ ਦੇਖ ਸਕੀ ਨਾਟਕ : ਗੁਰਚੇਤ ਚਿੱਤਰਕ
ਪਟਿਆਲਾ/ਸੂਲਰ, 8 ਅਪ੍ਰੈਲ (ਕੰਬੋਜ)-ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਦਾ ਪੂਰਾ ਹਾਲ ਦਰਸ਼ਕਾਂ ਨਾਲ ਖਚਾ-ਖਚ ਭਰਿਆ ਪਿਆ ਸੀ, ਹਰ ਇਕ ਡਾਇਲੋਗ ਤਾੜੀਆਂ ਦੀ ਆਵਾਜ਼ ਗੂੰਜ ਰਹੀ ਸੀ। ਹਜ਼ਾਰਾਂ ਲੋਕ ਹਾਲ ਤੇ ਅੰਦਰ ਸਨ ਤੇ ਇਸ ਤੋਂ ਵੀ ਵੱਧ ਲੋਕ ਹਾਲ ਅੰਦਰ ਆਉਣ ਲਈ ਮੁਸ਼ਕੱਤ ਕਰ ਰਹੇ ਸਨ, ਕਿਉਂਕਿ ਉਨ੍ਹਾਂ ਵਿਚ ਗੁਰਚੇਤ ਚਿੱਤਰਕਾਰ ਦਾ ਨਾਟਕ ‘ਅਸੀਂ ਬੋਲਾਂਗੇ ਸੱਚ’ ਦੇਖਣ ਦਾ ਪੂਰਾ ਕਰੇਜ਼ ਸੀ। ਸ਼ਹਿਰ ਤਾਂ ਸ਼ਹਿਰ, ਦੂਰ ਦੂਰ ਦੇ ਪਿੰਡਾਂ ਤੋਂ ਵੀ ਇਸ ਨਾਟਕ ਨੂੰ ਦੇਖਣ ਲਈ ਵੀ ਲੋਕ ਇਕੱਠੇ ਹੋਏ ਸਨ ਪਰ ਕਈਆਂ ਨੂੰ ਹਾਲ ਅੰਦਰ ਐਂਟਰੀ ਨਹੀਂ ਮਿਲ ਸਕੀ ਅਤੇ ਹੋਰ ਤਾਂ ਹੋਰ ਨਾਟਕ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਗੁਰਚੇਤ ਚਿੱਤਰਕਾਰ ਦੀ ਖੁਦ ਦੀ ਫੈਮਿਲੀ ਨੂੰ ਵੀ ਐਂਟਰੀ ਨਾ ਮਿਲਣ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਗੁਰਚੇਤ ਚਿੱਤਰਕਾਰ ਨੇ ਦੱਸਿਆ ਕਿ, ”ਮੇਰਾ ਪਰਿਵਾਰ ਮੇਰਾ ਲਿਖਿਆ ਇਹ ਨਾਟਕ ਦੇਖਣ ਲਈ ਯੂਨੀਵਰਸਿਟੀ ਵਿਖੇ ਪੁੱਜਾ, ਪਰ ਰਿਕਾਰਡ ਤੋੜ ਇਕੱਠੇ ਹੋਣ ਕਰਕੇ ਉਸ ਨੂੰ ਐਂਟਰੀ ਨਹੀਂ ਮਿਲ ਸਕੀ ਤੇ ਉਸ ਨੂੰ ਨਾਟਕ ਦੇਖੇ ਬਿਨਾਂ ਹੀ ਵਾਪਸ ਪਰਤਣਾ ਪਿਆ।” ਕਿਸੇ ਕਲਾਕਾਰ ਦੀ ਮਹਾਨਤਾ ਤੇ ਸਾਦਗੀ ਦਾ ਅੰਦਾਜ਼ਾ ਇਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਸਦੇ ਆਪਣੇ ਸੋਅ ਵਿਚ ਰਿਕਾਰਡ ਤੋੜ ਇਕੱਠ ਹੋਵੇ ਅਤੇ ਖੁਦ ਉਸ ਦਾ ਨਾਟਕ ਦੇਖਣ ਤੋਂ ਬਾਂਝਾ ਰਹਿ ਜਾਵੇ, ਜਦਕਿ ਇਥੇ ਕਲਾਕਾਰ ਤੇ ਲੀਡਰ ਪਹਿਲਾਂ ਹੀ ਆਪਣੇ ਲਈ ‘ਵੀ. ਆਈ. ਪੀ.’ ਸੀਟਾਂ ਬੁੱਕ ਕਰਵਾ ਲੈਂਦੇ ਹਨ।
You must be logged in to post a comment Login