ਅੰਡਰ-19 ਵਿਸ਼ਵ ਕੱਪ: ਦੱਖਣੀ ਅਫਰੀਕਾ ਨੂੰ ਦੋ ਵਿਕਟਾਂ ਨਾਲ ਹਰਾ ਕੇ ਭਾਰਤ ਫਾਈਨਲ ’ਚ

ਅੰਡਰ-19 ਵਿਸ਼ਵ ਕੱਪ: ਦੱਖਣੀ ਅਫਰੀਕਾ ਨੂੰ ਦੋ ਵਿਕਟਾਂ ਨਾਲ ਹਰਾ ਕੇ ਭਾਰਤ ਫਾਈਨਲ ’ਚ

ਬੇਨੌਨੀ (ਦੱਖਣੀ ਅਫਰੀਕਾ), 7 ਫਰਵਰੀ- ਸਚਿਨ ਧਾਸ ਅਤੇ ਕਪਤਾਨ ਉਦੈ ਸਹਾਰਨ ਦੇ ਨੀਮ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਸੈਂਕੜੇ ਦੀ ਭਾਈਵਾਲੀ ਦੀ ਬਦੌਲਤ ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਰੋਮਾਂਚਕ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਦੋ ਵਿਕਟਾਂ ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਅੰਡਰ-19 ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਜਗ੍ਹਾ ਬਣਾਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਨੇ ਨਿਰਧਾਰਤ 50 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 244 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਧਾਸ (96 ਦੌੜਾਂ) ਅਤੇ ਸਹਾਰਨ (81) ਵਿਚਾਲੇ ਪੰਜਵੀਂ ਵਿਕਟ ਲਈ 171 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਭਾਰਤ ਨੇ 48.5 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ 248 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਹ ਦੋਵੇਂ ਬੱਲੇਬਾਜ਼ ਅਜਿਹੇ ਸਮੇਂ ਬੱਲੇਬਾਜ਼ੀ ਲਈ ਉਤਰੇ ਸਨ ਜਦੋਂ ਭਾਰਤ 12ਵੇਂ ਓਵਰ ’ਚ 32 ਦੌੜਾਂ ’ਤੇ ਚਾਰ ਵਿਕਟਾਂ ਗੁਆ ਕੇ ਮੁਸ਼ਕਲ ਹਾਲਾਤ ਵਿੱਚ ਸੀ। ਅੰਤ ਵਿੱਚ ਰਾਜ ਲਿੰਬਾਨੀ (ਚਾਰ ਗੇਂਦਾਂ ’ਚ ਨਾਬਾਦ 13) ਨੇ ਚੌਕਾ ਜੜ ਕੇ ਭਾਰਤ ਨੂੰ ਟੀਚੇ ਤੱਕ ਪਹੁੰਚਾਇਆ। ਦੱਖਣੀ ਅਫਰੀਕਾ ਨੇ 23 ਵਾਈਡਾਂ ਸਮੇਤ ਕੁੱਲ 27 ਵਾਧੂ ਦੌੜਾਂ ਦੇ ਕੇ ਭਾਰਤ ਦਾ ਰਾਹ ਕੁਝ ਆਸਾਨ ਕਰ ਦਿੱਤਾ। ਦੱਖਣੀ ਅਫਰੀਕਾ ਲਈ ਤੇਜ਼ ਗੇਂਦਬਾਜ਼ ਕਵੇਨਾ ਮਫਾਕਾ ਅਤੇ ਟ੍ਰਿਸਟਨ ਲੂਸ ਨੇ ਤਿੰਨ-ਤਿੰਨ ਵਿਕਟਾਂ ਲਈਆਂ ਪਰ ਮੇਜ਼ਬਾਨ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਵਿਕਟਕੀਪਰ ਬੱਲੇਬਾਜ਼ ਹੁਆਨ ਦ੍ਰੇ ਪ੍ਰੀਟੋਰੀਅਸ (102 ਗੇਂਦਾਂ ਵਿੱਚ 76 ਦੌੜਾਂ) ਅਤੇ ਰਿਚਰਡ ਸੈਲੇਟਸਵੈਨ (100 ਗੇਂਦਾਂ ਵਿੱਚ 64 ਦੌੜਾਂ) ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਸੱਤ ਵਿਕਟਾਂ ’ਤੇ 244 ਦੌੜਾਂ ਬਣਾਈਆਂ। ਭਾਰਤ ਲਈ ਲਿੰਬਾਨੀ ਨੇ 60 ਦੌੜਾਂ ਦੇ ਕੇ ਤਿੰਨ ਵਿਕਟਾਂ ਜਦਕਿ ਮੁਸ਼ੀਰ ਖਾਨ ਨੇ 43 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਜ਼ਿਕਰਯੋਗ ਹੈ ਕਿ 2014 ਦੀ ਚੈਂਪੀਅਨ ਦੱਖਣੀ ਅਫਰੀਕਾ ਮੌਜੂਦਾ ਟੂਰਨਾਮੈਂਟ ਵਿੱਚ ਭਾਰਤੀ ਟੀਮ ਖ਼ਿਲਾਫ਼ 200 ਤੋਂ ਵੱਧ ਦੌੜਾਂ ਬਣਾਉਣ ਵਾਲੀ ਪਹਿਲੀ ਟੀਮ ਹੈ। ਭਾਰਤ ਦਾ ਵੀਰਵਾਰ ਨੂੰ ਫਾਈਨਲ ’ਚ ਸਾਹਮਣਾ ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।

You must be logged in to post a comment Login