ਅੰਮ੍ਰਿਤਪਾਲ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ

ਅੰਮ੍ਰਿਤਪਾਲ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ

ਅੰਮ੍ਰਿਤਸਰ, 3 ਮਾਰਚਵਾਰਿਸ ਪੰਜਾਬ ਤੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਖਿਆ ਕਿ ਉਹ ਪੰਜਾਬੀ ਹਨ ਅਤੇ ਪੰਜਾਬ ਵਿਚ ਰਹਿਣਾ ਉਨ੍ਹਾਂ ਦਾ ਹੱਕ ਹੈ, ਜੇ ਕਿਸੇ ਨੂੰ ਵੀ ਇਤਰਾਜ਼ ਹੈ ਤਾਂ ਉਹ ਪੰਜਾਬ ਛੱਡ ਕੇ ਜਾ ਸਕਦਾ ਹੈ। ਉਨ੍ਹਾਂ ਅੱਜ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ। ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਉਹ ਪੰਜਾਬੀ ਹਨ ਅਤੇ ਪੰਜਾਬ ਉਹ ਧਰਤੀ ਹੈ, ਜਿਸ ਦੇ ਵਾਸਤੇ ਪੁਰਖਿਆਂ ਨੇ ਆਪਣਾ ਖੂਨ ਦਿੱਤਾ ਹੈ। ਇਸ ਲਈ ਪੰਜਾਬ ਛੱਡ ਕੇ ਕਿਉਂ ਜਾਵਾਂਗੇ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਪੰਜਾਬ ਛੱਡ ਕੇ ਜਾਵੇ। ਉਨ੍ਹਾਂ ਨੇ ਨੇ ਹਾਲ ਹੀ ਵਿੱਚ ਭਾਰਤੀ ਨਾਗਰਿਕ ਹੋਣ ਤੋ ਨਾਂਹ ਕੀਤੀ ਸੀ, ਜਿਸ ਤੋਂ ਬਾਅਦ ਇਹ ਵਿਵਾਦ ਉਠਿਆ ਸੀ ਕਿ ਜੇ ਉਹ ਭਾਰਤੀ ਨਹੀਂ ਤਾਂ ਫਿਰ ਇਸ ਦੇਸ਼ ਵਿੱਚ ਕੀ ਕਰ ਰਿਹਾ ਹੈ। ਥਾਣਾ ਅਜਨਾਲਾ ਦੀ ਘਟਨਾ ਮੌਕੇ ਪਾਵਨ ਸਰੂਪ ਨੂੰ ਨਾਲ ਲਿਜਾ ਕੇ ਹੋਈ ਮਰਿਆਦਾ ਦੀ ਉਲੰਘਣਾ ਬਾਰੇ ਉਨ੍ਹਾਂ ਕਿਹਾ ਕਿ ਉਹ ਸਿਧਾਂਤਕ ਤੌਰ ’ਤੇ ਠੀਕ ਹਨ ਅਤੇ ਜੇ ਉਨ੍ਹਾਂ ਨੂੰ ਕੋਈ ਗ਼ਲਤ ਸਾਬਤ ਕਰ ਦੇਵੇਗਾ ਤਾਂ ਹਰ ਸਜ਼ਾ ਲਈ ਤਿਆਰ ਹਨ। ਧਰਨਿਆਂ, ਮੁਜ਼ਾਹਰਿਆਂ ਅਤੇ ਲੜਾਈ-ਝਗੜੇ ਵਾਲੀਆਂ ਥਾਵਾਂ ’ਤੇ ਪਾਵਨ ਸਰੂਪ ਲੈ ਕੇ ਜਾਣ ਦੇ ਮਾਮਲੇ ਬਾਰੇ ਨੀਤੀ ਬਣਾਉਣ ਵਾਸਤੇ ਅਕਾਲ ਤਖ਼ਤ ਵੱਲੋਂ 15 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਉਨ੍ਹਾਂ ਆਖਿਆ ਕਿ ਜੇ ਇਸ ਮਾਮਲੇ ਵਿਚ ਅਕਾਲ ਤਖਤ ਵੱਲੋਂ ਉਨ੍ਹਾਂ ਨੂੰ ਬੁਲਾਇਆ ਜਾਵੇਗਾ ਤਾਂ ਉਹ ਅਕਾਲ ਤਖਤ ’ਤੇ ਪੇਸ਼ ਹੋਣਗੇ, ਉਹ ਅਕਾਲ ਤਖਤ ਤੋਂ ਭਗੌੜੇ ਨਹੀਂ ਹਨ ਸਗੋਂ ਅਕਾਲ ਤਖ਼ਤ ਨੂੰ ਸਮਰਪਿਤ ਹਨ। ਸ੍ਰੀ ਹਰਿਮੰਦਰ ਸਾਹਿਬ ਵਿੱਚ ਹਥਿਆਰ ਲੈ ਕੇ ਆਉਣ ਬਾਰੇ ਉਨ੍ਹਾਂ ਕਿਹਾ ਕਿ ਸਿੱਖਾਂ ਵਿੱਚ ਮੀਰੀ-ਪੀਰੀ ਦਾ ਸਿਧਾਂਤ ਹੈ। ਜਾਨ ਨੂੰ ਖਤਰਾ ਹੋਣ ਸਬੰਧੀ ਖਦਸ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਇਹ ਸਭ ਏਜੰਸੀਆਂ ਆਖ ਰਹੀਆਂ ਹਨ ਅਤੇ ਉਨ੍ਹਾਂ ਤੋਂ ਹੀ ਖਤਰਾ ਹੈ। ਉਨ੍ਹਾਂ ਕਿਹਾ ਕਿ ਉਹ ਜਿਸ ਮਾਰਗ ’ਤੇ ਚਲੇ ਹਨ ਉਥੇ ਧਮਕੀਆਂ ਆਉਣਾ ਸਹਿਜ ਹੈ।

You must be logged in to post a comment Login