ਅੰਮ੍ਰਿਤਸਰ ’ਚ ਜੀ-20 ਸੰਮੇਲਨ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਪ੍ਰਦਰਸ਼ਨ

ਅੰਮ੍ਰਿਤਸਰ ’ਚ ਜੀ-20 ਸੰਮੇਲਨ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਪ੍ਰਦਰਸ਼ਨ

ਜੰਡਿਆਲਾ ਗੁਰੂ, 15 ਮਾਰਚ- ਇਥੋਂ ਨਜ਼ਦੀਕੀ ਕਸਬਾ ਦਬੁਰਜੀ ਵਿਖੇ ਅੰਮ੍ਰਿਤਸਰ ਵਿੱਚ ਅੱਜ ਹੋ ਰਹੇ ਜੀ-20 ਸੰਮੇਲਨ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਸੱਦੇ ‘ਤੇ  ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਖੇਤ ਮਜ਼ਦੂਰਾਂ, ਔਰਤਾਂ ਤੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕਰਦਿਆਂ ਦੇਸ਼ ਤੇ ਪੰਜਾਬ ਦੀ ਖੇਤੀ, ਸਨਅਤ, ਸਿੱਖਿਆ, ਸਿਹਤ ਬਿਜਲੀ ਤੇ ਪਾਣੀ ਨੂੰ ਸਾਮਰਾਜੀਆਂ ਦੇ ਲੁਟੇਰੇ ਮੰਤਵਾਂ ਤੋਂ ਦੂਰ ਰੱਖਣ ਤੇ ਵਿਸ਼ਵ ਵਪਾਰ ਸੰਸਥਾ ਵਰਗੇ ਸਾਮਰਾਜੀ ਅਦਾਰਿਆਂ ਨਾਲ ਕੀਤੀਆਂ ਲੋਕ-ਧ੍ਰੋਹੀ ਸੰਧੀਆਂ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਜੀ-20 ਸੰਮੇਲਨ ਰਾਹੀਂ ਬੀਤੇ ਸਮੇਂ ਦੌਰਾਨ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ ਵਰਗੇ ਕਾਂਡ ਰਚਾਉਣ ਵਾਲੇ ਬਰਤਾਨਵੀ ਸਾਮਰਾਜ ਸਮੇਤ ਅਨੇਕਾਂ ਲੁਟੇਰੇ ਸਾਮਰਾਜੀ ਮੁਲਕਾਂ ਨੂੰ ਨਿਉਂਦਾ ਦੇ ਕੇ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਨਾਲ ਧ੍ਰੋਹ ਕਮਾ ਰਹੀ ਹੈ। ਉਨ੍ਹਾਂ ਕਿਹਾ ਇਸ ਮੀਟਿੰਗ ਦੌਰਾਨ ਸਾਮਰਾਜੀ ਮੁਲਕਾਂ ਦੀ ਅੰਨ੍ਹੀ ਲੁੱਟ ਨੂੰ ਹੋਰ ਤੇਜ਼ ਕਰਨ ਲਈ ਸਿੱਖਿਆ ਖੇਤਰ ਪੂਰੀ ਤਰ੍ਹਾਂ ਸਾਮਰਾਜੀਆਂ ਲਈ ਖੋਲ੍ਹਣ ਅਤੇ ਕਿਰਤੀਆਂ ਦੀ ਹੋਰ ਰੱਤ ਨਿਚੋੜਨ ਲਈ ਲੇਬਰ ਕਾਨੂੰਨਾਂ ਨੂੰ ਸੋਧਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ।

You must be logged in to post a comment Login