ਅੰਮ੍ਰਿਤਸਰ ’ਚ ਹਿਮਾਚਲ ਟਰਾਂਸਪੋਰਟ ਦੀਆਂ 4 ਬੱਸਾਂ ਦੀ ਭੰਨ-ਤੋੜ

ਅੰਮ੍ਰਿਤਸਰ ’ਚ ਹਿਮਾਚਲ ਟਰਾਂਸਪੋਰਟ ਦੀਆਂ 4 ਬੱਸਾਂ ਦੀ ਭੰਨ-ਤੋੜ

ਅੰਮ੍ਰਿਤਸਰ, 22 ਮਾਰਚ : ਅੰਮ੍ਰਿਤਸਰ ਬੱਸ ਸਟੈਂਡ ’ਤੇ ਸ਼ੁੱਕਰਵਾਰ ਰਾਤ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਚਆਰਟੀਸੀ) ਦੀਆਂ ਚਾਰ ਬੱਸਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਨਾਅਰੇ ਲਿਖੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਬੱਸਾਂ ਦੇ ਅਗਲੇ ਸ਼ੀਸ਼ੇ ਨੁਕਸਾਨੇ ਗਏ, ਜਦੋਂਕਿ ਅੰਮ੍ਰਿਤਸਰ-ਹਮੀਰਪੁਰ ਰੂਟ ’ਤੇ ਚੱਲ ਰਹੀ ਇੱਕ ਬੱਸ ’ਤੇ ਨਾਅਰੇ ਲਿਖੇ ਗਏ। ਜਾਣਕਾਰੀ ਅਨੁਸਾਰ ਪ੍ਰਭਾਵਿਤ ਬੱਸਾਂ ਵਿੱਚ ਅੰਮ੍ਰਿਤਸਰ-ਬਿਲਾਸਪੁਰ, ਅੰਮ੍ਰਿਤਸਰ-ਸੁਜਾਨਪੁਰ ਅਤੇ ਅੰਮ੍ਰਿਤਸਰ-ਜਵਾਲਾ ਜੀ ਰੂਟਾਂ ‘ਤੇ ਚੱਲਣ ਵਾਲੀਆਂ ਬੱਸਾਂ ਸ਼ਾਮਲ ਹਨ। ਐਚਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਨਿਪੁਨ ਜਿੰਦਲ ਨੇ ਕਿਹਾ, “ਮਾਮਲਾ ਅੰਮ੍ਰਿਤਸਰ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।’’ ਜ਼ਿਕਰਯੋਗ ਹੈ ਕਿ ਭੰਨ-ਤੋੜ ਦੀ ਇਹ ਕਾਰਵਾਈ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਕਾਰ ਪਹਿਲਾਂ ਹੋਈ ਗੱਲਬਾਤ ਦੇ ਬਾਵਜੂਦ ਵਾਪਰੀ ਹੈ। ਗੱਲਬਾਤ ਦੌਰਾਨ ਇਸ ਮੁੱਦੇ ਨੂੰ ਹੱਲ ਕਰਨ ਲਈ ਡੀਜੀਪੀ ਪੱਧਰ ਦੇ ਅਧਿਕਾਰੀਆਂ ਨੂੰ ਸੌਂਪਣ ਲਈ ਸਹਿਮਤੀ ਜਤਾਈ ਗਈ ਸੀ। ਹਿਮਾਚਲ ਵਿਚ ਪੰਜਾਬੀ ਸੈਲਾਨੀਆਂ ਅਤੇ ਸ਼ਰਧਾਲੂਆਂ ਨਾਲ ਸਥਾਨਕ ਲੋਕਾਂ ਦੇ ਤਕਰਾਰ ਤੇ ਝਗੜਿਆਂ ਕਾਰਨ ਵਿਵਾਦ ਪੈਦਾ ਹੋਣ ਤੇ ਇਸ ਤੋਂ ਬਾਅਦ ਪੰਜਾਬ ਭਰ ਵਿੱਚ ਬੱਸਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਪਿਛਲੀਆਂ ਘਟਨਾਵਾਂ ਦੇ ਚਲਦਿਆਂ ਹਿਮਾਚਲ ਟਰਾਂਸਪੋਰਟ ਨੇ ਹੁਸ਼ਿਆਰਪੁਰ ਲਈ 10 ਰੂਟਾਂ ਨੂੰ ਮੁਅੱਤਲ ਕਰ ਦਿੱਤਾ ਸੀ, ਜੋ ਕਿ ਬਾਅਦ ਵਿੱਚ ਮੁੜ ਚਾਲੂ ਕਰ ਦਿੱਤੇ ਗਏ ਹਨ।ਅੰਮ੍ਰਿਤਸਰ ਵਿਖੇ ਇਕ ਡਰਾਈਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਥੇ ਪੰਜ ਬੱਸਾਂ ਲੱਗੀਆਂ ਹੋਈਆਂ ਸਨ, ਜਿਨਾਂ ਵਿੱਚੋਂ ਚਾਰ ਦੇ ਸ਼ੀਸ਼ੇ ਤੋੜੇ ਗਏ ਹਨ ਅਤੇ ਇਹਨਾਂ ਤੇ ਨਾਅਰੇ ਵੀ ਲਿਖੇ ਗਏ ਸਨ। ਉਨ੍ਹਾਂ ਕਿਹਾ ਕਿ ਰਾਤ ਨੂੰ ਉਹ ਬੱਸਾਂ ਇੱਥੇ ਖੜੀਆਂ ਕਰਨ ਮਗਰੋਂ ਵਿਸ਼ਰਾਮ ਘਰ ਵਿੱਚ ਚਲੇ ਜਾਂਦੇ ਹਨ। ਸਵੇਰੇ ਵਾਪਿਸ ਆਉਣ ’ਤੇ ਉਨ੍ਹਾਂ ਬੱਸਾਂ ਨੁਕਸਾਨੀਆਂ ਪਾਈਆਂ। ਪੁਲੀਸ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤ ਦੇ ਅਧਾਰ ਤੇ ਕੇਸ ਦਰਜ ਕੀਤਾ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਸ਼ੀਸ਼ੇ ਤੋੜਨ ਵਾਲੇ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਹੈ।

You must be logged in to post a comment Login