ਅੰਮ੍ਰਿਤਸਰ ਤੋਂ ਲੰਦਨ ਲਈ ਜਲਦ ਸ਼ੁਰੂ ਹੋਵੇਗੀ ਸਿੱਧੀ ਉਡਾਨ

ਅੰਮ੍ਰਿਤਸਰ ਤੋਂ ਲੰਦਨ ਲਈ ਜਲਦ ਸ਼ੁਰੂ ਹੋਵੇਗੀ ਸਿੱਧੀ ਉਡਾਨ

ਅੰਮ੍ਰਿਤਸਰ- ਲੰਬੇ ਸਮੇਂ ਤੋਂ ਚੱਲਦੀ ਆ ਰਹੀ ਪ੍ਰਵਾਸੀ ਭਾਰਤੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਅੰਮ੍ਰਿਤਸਰ ਤੋਂ ਲੰਦਨ ਲਈ ਸਿੱਧੀ ਉਡਾਨ ਦੀ ਮੰਗ ਜਲਦ ਹੀ ਪੂਰੀ ਹੋਣ ਵਾਲੀ ਹੈ। ਸਮਾਜਿਕ ਨਿਆਂ ਅਤੇ ਅਧਿਕਾਰਿਤ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ ‘ਚ ਅੰਮ੍ਰਿਤਸਰ ਵਿਕਾਸ ਮੰਚ (ਏ. ਵੀ. ਐੱਮ.) ਦੀ ਪ੍ਰਤੀਨਿਧੀ ਮੰਡਲ ਨਾਲ ਬੈਠਕ ‘ਚ ਨਾਗਰਿਕ ਹਵਾਬਾਜ਼ੀ ਮੰਤਰੀ ਜੈਅੰਤ ਸਿਨ੍ਹਾ ਨੇ ਭਰੋਸਾ ਦਿਵਾਇਆ ਕਿ ਨਾਗਰਿਕ ਹਵਾਬਾਜ਼ੀ ਮੰਤਰਾਲਾ ਅਤੇ ਏਅਰ ਇੰਡੀਆ ਲੰਦਨ ਫਲਾਈਟਸ ‘ਚ ਅੰਮ੍ਰਿਤਸਰ ਦੀ ਬਹਾਲੀ ‘ਤੇ ਵਿਚਾਰ ਕਰ ਰਿਹਾ ਹੈ। ਮੰਤਰੀ ਨੇ ਕਿਹਾ ਕਿ ਲੰਦਨ ਹੀਥਰੋ ਹਵਾਈ ਅੱਡੇ ‘ਤੇ ਏਅਰ ਇੰਡੀਆ ਲਈ ਸਲਾਟ ਦੀ ਗੈਰ ਉਪਲੱਬਧਤਾ ਦੇ ਕਾਰਨ ਉਡਾਨ ਲੰਦਨ ਲਿਊਟਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਹੋਵੇਗੀ।
ਏ. ਵੀ. ਐੱਮ. ਮੁਤਾਬਕ ਲੰਦਨ ਲਿਊਟਨ ਅੱਡੇ ਦੀਆਂ ਉਡਾਨਾਂ ਪੰਜਾਬੀਆਂ ਅਤੇ ਗੈਰ ਨਿਵਾਸੀ ਭਾਰਤੀਆਂ ਨੂੰ ਪੰਜਾਬ, ਲੰਦਨ ਅਤੇ ਨੇੜਲੇ ਇਲਾਕਿਆਂ ਨਾਲ ਸਿੱਧਾ ਜੋੜ ਦੇਣਗੀਆਂ। ਇਹ ਉਡਾਨਾਂ ਯੂਰਪ, ਕੈਨੇਡਾ ਅਤੇ ਅਮਰੀਕਾ ਦੇ ਪੱਛਮੀ ਬਾਊਂਡ ਸਥਾਨਾਂ ਨਾਲ ਅੰਮ੍ਰਿਤਸਰ ਦੀ ਵਨ-ਸਟਾਪ ਕਨੈਕਟੀਵਿਟੀ ਨੂੰ ਜੋੜਨ ‘ਚ ਸਮਰੱਥ ਨਹੀਂ ਹੋਣਗੀਆਂ ਕਿਉਂਕਿ ਲਿਊਟਨ ਹਵਾਈ ਅਡੇ ਦੀ ਇਨ੍ਹਾਂ ਦੇਸ਼ਾਂ ਨਾਲ ਕਨੈਕਟੀਵਿਟੀ ਨਹੀਂ ਹੈ। ਇਥੇ ਜਾਰੀ ਪ੍ਰੈੱਸ ਕਾਨਫਰੰਸ ‘ਚ ਏ. ਵੀ. ਐੱਮ. ਦੇ ਮੁੱਖ ਸਕੱਤਰ ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਪ੍ਰਤੀਨਿਧੀ ਮੰਡਲ ਨੇ ਕੇਂਦਰੀ ਮੰਤਰੀ ਸਿਨ੍ਹਾ ਤੋਂ ਓਮਾਨ, ਦੁਬਈ, ਅਬੂ ਧਾਬੀ, ਤੁਰਕੀ, ਹਾਂਗਕਾਂਗ ਆਦਿ ਲਈ ਦੋ-ਪੱਖੀ ਹਵਾਈ ਸੇਵਾਵਾਂ ਦੇ ਸਮਝੌਤੇ ‘ਚ ਅੰਮ੍ਰਿਤਸਰ ਨੂੰ ਜੋੜਨ ਦੀ ਵੀ ਅਪੀਲ ਕੀਤੀ ਤਾਂ ਜੋ ਇਨ੍ਹਾਂ ਦੇਸ਼ਾਂ ਦੀ ਏਅਰਲਾਈਨ ਸ਼ੁਰੂ ਹੋ ਸਕੇ।

You must be logged in to post a comment Login