ਚੰਡੀਗੜ੍ਹ : ਅੰਮ੍ਰਿਤਸਰ ‘ਚ ਨਿਰੰਕਾਰੀ ਭਵਨ ‘ਚ ਹੋਏ ਧਮਾਕੇ ਬਾਰੇ ਪ੍ਰੈਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਧਮਾਕੇ ਦੇ ਦੋਹਾਂ ਦੋਸ਼ੀਆਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਧਮਾਕੇ ਦੇ ਇਕ ਦੋਸ਼ੀ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਦੂਜੇ ਮੁਲਜ਼ਮ ਅਵਤਾਰ ਸਿੰਘ ਦੀ ਭਾਲ ਪੁਲਸ ਵਲੋਂ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਬਿਲਕੁਲ ਅੱਤਵਾਦੀ ਹਮਲਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਪਾਸੋਂ ਕਈ ਤਰ੍ਹਾਂ ਦੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਪਿੱਛੇ ਪਾਕਿਸਤਾਨ ਅਤੇ ਆਈ. ਐੱਸ. ਆਈ. ਦੋਵੇਂ ਹੀ ਸਰਗਰਮ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਪਾਸੋਂ ਬਰਾਮਦ ਕੀਤੇ ਗਏ ਗ੍ਰੇਨੇਡ ਪਾਕਿਸਤਾਨ ਦੀ ਫੈਕਟਰੀ ‘ਚ ਹੀ ਬਣਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਗ੍ਰੇਨੇਡ ਵੱਖਰੀ ਤਰ੍ਹਾਂ ਦੇ ਹਨ। ਕੈਪਟਨ ਨੇ ਕਿਹਾ ਕਿ ਅਸੀਂ ਕਈ ਅੱਤਵਾਦੀ ਘਟਨਾਵਾਂ ਨੂੰ ਰੋਕਣ ‘ਚ ਕਾਮਯਾਬ ਹੋਏ ਹਾਂ। ਇਸ ਮੌਕੇ ਕੈਪਟਨ ਨਾਲ ਡੀ. ਜੀ. ਪੀ. ਸੁਰੇਸ਼ ਅਰੋੜਾ ਅਤੇ ਡੀ. ਜੀ. ਪੀ. ਇੰਟੈਲੀਜੈਂਸ ਵੀ ਮੌਜੂਦ ਸਨ। ਕੈਪਟਨ ਨੇ ਕਿਹਾ ਕਿ ਪਾਕਿਸਤਾਨ ਦੀਆਂ ਹਰਕਤਾਂ ਨੂੰ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਭਰੋਸਾ ਦੁਆਇਆ ਕਿ ਸੂਬੇ ‘ਚ ਅਸ਼ਾਂਤੀ ਵਾਲਾ ਮਾਹੌਲ ਪੈਦਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਆਈ. ਐੱਸ. ਆਈ. ਇਹ ਕਰਦੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਭੜਕਾ ਕੇ ਉਨ੍ਹਾਂ ਨੂੰ ਗ੍ਰੇਨੇਡ ਰੱਖਣ ਲਈ ਕਹਿੰਦੀ ਹੈ ਅਤੇ ਗੁੰਮਰਾਹ ਹੋ ਕੇ ਇਹ ਨੌਜਵਾਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਧਮਾਕੇ ਦੇ ਦੋਸ਼ੀ ਬਿਕਰਮਜੀਤ ਸਿੰਘ ਨੇ ਖੁਦ ਆਪਣਾ ਗੁਨਾਹ ਕਬੂਲਿਆ ਹੈ।

You must be logged in to post a comment Login