ਅੰਮ੍ਰਿਤਸਰ ਰੇਲ ਹਾਦਸਾ : ਲਾਸ਼ਾਂ ਦੇ ਅੰਬਾਰ ਅਜਿਹੇ ਲੱਗੇ ਕਿ ਕਫਨ ਵੀ ਪੈ ਗਏ ਘੱਟ

ਅੰਮ੍ਰਿਤਸਰ ਰੇਲ ਹਾਦਸਾ : ਲਾਸ਼ਾਂ ਦੇ ਅੰਬਾਰ ਅਜਿਹੇ ਲੱਗੇ ਕਿ ਕਫਨ ਵੀ ਪੈ ਗਏ ਘੱਟ

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਦੇਰ ਸ਼ਾਮ ਹੋਏ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਮੌਤ ਦੀਆਂ ਦੋ ਟਰੇਨਾਂ ਦੁਸਹਿਰਾ ਦੇਖ ਰਹੇ ਲੋਕਾਂ ਨੂੰ ਕੁਚਲਦੀਆਂ ਹੋਈਆਂ ਅੱਗੇ ਲੰਘ ਗਈਆਂ ਤੇ ਪਿੱਛੇ ਛੱਡ ਗਈਆਂ ਭਿਆਨਕ ਮੰਜਰ। ਇਸ ਹਾਦਸੇ ਕਾਰਨ ਹਰ ਕੋਈ ਹੈਰਾਨ-ਪਰੇਸ਼ਾਨ ਹੈ। ਇਕ ਪਾਸੇ ਰਾਵਣ ਜਲ ਰਿਹਾ ਸੀ ਤੇ ਦੂਜੇ ਪਾਸੇ ਲਾਸ਼ਾਂ ਦੇ ਅੰਬਾਰ ਲੱਗ ਰਹੇ ਸਨ। ਇਸ ਹਾਸਦੇ ਦੌਰਾਨ ਲਾਸ਼ਾਂ ਦੇ ਅੰਬਾਰ ਅਜਿਹੇ ਲੱਗੇ ਕਿ ਅੰਮ੍ਰਿਤਸਰ ‘ਚ ਕਫਨ ਵੀ ਘੱਟ ਪੈ ਗਏ। ਇਹ ਹਾਦਸਾ ਸ਼ੁੱਕਰਵਾਰ ਨੂੰ ਸ਼ਾਮ 7 ਵਜੇ ਦੇ ਕਰੀਬ ਵਾਪਰਿਆ। ਅੰਮ੍ਰਿਤਸਰ ਤੇ ਮਨਾਵਲਾ ਦੇ ‘ਚ ਫਾਟਕ ਨੰਬਰ 27 ਨੇੜੇ ਦੁਸਹਿਰੇ ਦਾ ਮੇਲਾ ਲੱਗਾ ਸੀ। ਜੌੜਾ ਫਾਟਕ ਨੇੜੇ ਧੋਬੀ ਘਾਟ ‘ਤੇ ਬਣੇ ਟਰੈਕ ‘ਤੇ ਲੋਕ ਰਾਵਣ ਦਹਿਣ ਦੇ ਇੰਤਜ਼ਾਰ ‘ਚ ਖੜ੍ਹੇ ਸਨ। ਪੱਟੜੀਆਂ ਤੋਂ ਮਹਿਜ਼ 200 ਫੁੱਟ ਦੀ ਦੂਰੀ ‘ਤੇ ਰਾਵਣ ਦਾ ਪੁੱਤਲਾ ਸਾੜਿਆ ਜਾ ਰਿਹਾ ਸੀ। ਉੱਧਰ ਰਾਵਣ ਦੇ ਪੁੱਤਲੇ ਨੂੰ ਅੱਗ ਲਾਈ ਜਾਂਦੀ ਹੈ ਤੇ ਇੱਧਰ ਜਲੰਧਰ ਤੋਂ ਮੌਤ ਦੀ ਟਰੇਨ ਅੰਮ੍ਰਿਤਸਰ ਵੱਧ ਵੱਧ ਰਹੀ ਸੀ। ਡੀ.ਐੱਮ.ਯੂ. ਟਰੇਨ ਨੰਬਰ 74943 ਉੱਥੋਂ ਟਰੈਕ ‘ਤੇ ਪਹੁੰਚਦੀ ਹੈ ਤੇ 100 ਕਿਲੋਮੀਟਰ ਦੀ ਤੇਜ਼ ਰਫਤਾਰ ਇਹ ਟਰੇਨ ਟਰੈਕ ‘ਤੇ ਖੜ੍ਹੇ ਲੋਕਾਂ ਨੂੰ ਕੁਲਚਦੇ ਹੋਏ ਅੱਗੇ ਵਧ ਗਈ। ਲੋਕ ਬਚਣ ਲਈ ਦੂਜੇ ਟਰੈਕ ‘ਤੇ ਭੱਜਣ ਲੱਗੇ ਪਰ ਉਸ ਸਮੇਂ ਹਾਵੜਾ ਮੇਲ ਆ ਜਾਂਦੀ ਹੈ ਤੇ ਕਈ ਹੋਰ ਲੋਕ ਕੁਚਲੇ ਜਾਂਦੇ ਹਨ। ਮਹਿਜ਼ ਪੰਜ ਸਕਿੰਟਾਂ ‘ਚ ਖੁਸ਼ੀ ਦੀਆਂ ਚੀਕਾਂ ਮਾਤਮ ‘ਚ ਬਦਲ ਗਈਆਂ ਤੇ ਟਰੈਕ ‘ਤੇ ਲਾਸ਼ਾਂ ਦੇ ਅੰਬਾਰ ਲੱਗ ਗਏ। ਇਹ ਹਾਦਸਾ ਇੰਨਾਂ ਭਿਆਨਕ ਕਿ 150 ਮੀਟਰ ਦੇ ਦਾਇਰੇ ਤੱਕ ਲਾਸ਼ਾਂ ਵਿਛ ਗਈਆਂ ਤੇ ਹੁਣ ਤੱਕ ਇਸ ਹਾਦਸੇ ਵਿਚ 70 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 250 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਹਾਦਸੇ ਤੋਂ ਬਾਅਦ ਪੂਰੇ ਪੰਜਾਬ ‘ਚ ਸੋਗ ਦੀ ਲਹਿਰ ਹੈ। ਮੁੱਖ ਮੰਤੀਰ ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਪਰਿਵਾਰਾਂ ਲਈ 5-5 ਲੱਖ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਤੇ ਕਈ ਨੇਤਾਵਾਂ ਨੇ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਘਟਨਾ ਦੀ ਖਬਰ ਮਿਲਦੇ ਹੀ ਰੇਲ ਮੰਤਰੀ ਪਿਊਸ਼ ਗੋਇਲ ਨੇ ਆਪਣਾ ਅਮਰੀਕਾ ਦੌਰਾ ਰੱਦ ਕਰ ਦਿੱਤਾ ਤੇ ਉਹ ਅੰਮ੍ਰਿਤਸਰ ਪਹੁੰਚ ਰਹੇ ਹਨ। ਕਈ ਨੇਤਾ ਘਟਨਾ ਸਥਾਨ ‘ਤੇ ਪਹੁੰਚ ਗਏ ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਹਾਦਸਿਆਂ ਤੋਂ ਬਾਅਦ ਸਿਰਫ ਦੁੱਖ ਦਾ ਪ੍ਰਗਟਾਵਾ ਕਾਫੀ ਹੈ। ਸਿਰਫ ਇਹੀ ਨਹੀਂ ਇਸ ਹਾਦਸੇ ਨੇ ਹੋਰ ਵੀ ਕਈ ਸਵਾਲ ਚੁੱਕੇ, ਜਿਨ੍ਹਾਂ ਦਾ ਜਵਾਬ ਦੇਸ਼ ਦਾ ਬੱਚਾ-ਬੱਚਾ ਚਾਹੁੰਦਾ ਹੈ।
ਅੰਮ੍ਰਿਤਸਰ ‘ਚ ਵਾਪਰਿਆ ਇਹ ਹਾਦਸਾ ਕੋਈ ਆਮ ਹਾਦਸਾ ਨਹੀਂ ਹੈ ਸਗੋਂ ਇਹ ਲਾਪਰਵਾਹੀ ਦੀ ਅਜਿਹੀ ਮਿਸਾਲ ਹੈ, ਜਿਸ ਦੀ ਜਿੰਨੀਂ ਨਿਖੇਧੀ ਕੀਤੀ ਜਾਵੇ ਓਨੀਂ ਘੱਟ ਹੈ। ਹਰ ਸਾਲ ਇੱਥੇ ਕਰੀਬ ਸਾਢੇ 5 ਵਜੇ ਰਾਵਣ ਦਹਿਨ ਕੀਤਾ ਜਾਂਦਾ ਹੈ ਕਿਉਂਕਿ ਇੱਥੇ 6.55 ਵਜੇ ਦੋ ਟਰੇਨਾਂ ਲੰਘਦੀਆਂ ਹਨ ਪਰ ਮੈਡਮ ਸਿੱਧੂ ਦੇ ਲੇਟ ਪਹੁੰਚਣ ਕਾਰਨ ਤੇ ਦੇਰ ਤੱਕ ਭਾਸ਼ਣ ਦੇਣ ਦੇ ਕਾਰਨ ਰਾਵਨ ਦਹਿਨ ਲੇਟ ਕੀਤਾ ਗਿਆ। ਲੋਕ ਰਾਵਣ ਦਹਿਨ ਦਾ ਇੰਤਜ਼ਾਰ ਕਰਦੇ ਰਹੇ ਤੇ ਇਹ ਦੇਰੀ ਜਾਣੇ-ਅਨਜਾਣੇ ਇਸ ਭਿਆਨਕ ਹਾਦਸੇ ਦਾ ਕਾਰਨ ਬਣ ਗਈ।

You must be logged in to post a comment Login