ਅੱਤਵਾਦ ਦੇ ਸਾਏ ‘ਚ ਫਿਰ ਪੰਜਾਬ, ਮੋਗਾ ਤੇ ਜਲੰਧਰ ‘ਚ ਬੰਬ ਧਮਾਕੇ ਦੀ ਤੀਬਰਤਾ ਇਕੋ ਜਿਹੀ

ਅੱਤਵਾਦ ਦੇ ਸਾਏ ‘ਚ ਫਿਰ ਪੰਜਾਬ, ਮੋਗਾ ਤੇ ਜਲੰਧਰ ‘ਚ ਬੰਬ ਧਮਾਕੇ ਦੀ ਤੀਬਰਤਾ ਇਕੋ ਜਿਹੀ

ਜਲੰਧਰ — ਜਲੰਧਰ ਦੇ ਲੋਕਾਂ ਸਮੇਤ ਪੁਲਸ ਦੋਵਾਂ ‘ਚ ਦਹਿਸ਼ਤ ਹੈ। ਕਾਰਨ ਸਾਫ ਹੈ ਕਿ ਕਮਿਸ਼ਨਰੇਟ ਪੁਲਸ ਦੇ ਅਧਿਕਾਰੀ 13 ਦਿਨ ਬੀਤ ਜਾਣ ਤੋਂ ਬਾਅਦ ਵੀ ਮਕਸੂਦਾਂ ਥਾਣੇ ‘ਚ ਬੰਬ ਬਲਾਸਟ ਕਰਨ ਵਾਲਿਆਂ ਦਾ ਪਤਾ ਨਹੀਂ ਲਾ ਸਕੇ। ਜ਼ਿਲੇ ਸਮੇਤ ਪੰਜਾਬ ਦੇ ਸਾਰੇ ਆਲ੍ਹਾ ਅਧਿਕਾਰੀ ਇਸ ਨੂੰ ਅੱਤਵਾਦੀ ਘਟਨਾ ਮੰਨ ਰਹੇ ਹਨ ਪਰ ਇਸ ਦੌਰਾਨ ਮੋਗਾ ਵਿਚ ਬੁੱਧਵਾਰ ਨੂੰ ਹੋਏ ਬੰਬ ਬਲਾਸਟ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਲੰਧਰ ਦੇ ਮਕਸੂਦਾਂ ਥਾਣੇ ‘ਤੇ ਹੋਏ ਬੰਬ ਬਲਾਸਟ ਨੂੰ ਪੁਲਸ ਅਧਿਕਾਰੀਆਂ ਨੇ ਲੋਅ ਇੰਟੈਸਿਟੀ ਮੰਨਿਆ। ਮੋਗਾ ‘ਚ ਹੋਏ ਬੰਬ ਬਲਾਸਟ ਦੀ ਇੰਟੈਸਿਟੀ ਵੀ ਜਲੰਧਰ ‘ਚ ਹੋਏ ਬੰਬ ਬਲਾਸਟ ਜਿਹੀ ਹੀ ਹੈ। ਕਿਤੇ ਨਾ ਕਿਤੇ ਅੱਤਵਾਦ ਦੋਬਾਰਾ ਪੰਜਾਬ ‘ਚ ਆਪਣੇ ਪੈਰ ਪਸਾਰ ਰਿਹਾ ਹੈ ਅਤੇ ਪੁਲਸ ਇਸ ਨੂੰ ਅੱਤਵਾਦੀ ਘਟਨਾ ਨਾ ਮੰਨ ਕੇ ਸ਼ਾਇਦ ਖੁਦ ਨੂੰ ਧੋਖੇ ਵਿਚ ਰੱਖ ਰਹੀ ਹੈ। ਜਲੰਧਰ ਤੋਂ ਬਾਅਦ ਜਿਸ ਤਰ੍ਹਾਂ ਮੋਗਾ ‘ਚ ਬੰਬ ਬਲਾਸਟ ਹੋਇਆ ਉਸ ਨਾਲ ਪੁਲਸ ਦੀ ਕਾਰਜਪ੍ਰਣਾਲੀ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। ਖਾਸ ਤੌਰ ‘ਤੇ ਜਲੰਧਰ ਪੁਲਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਪੰਜਾਬ ਸਰਕਾਰ ਵੀ ਸਕਤੇ ਵਿਚ ਹੈ। ਮਕਸੂਦਾਂ ਬੰਬ ਬਲਾਸਟ ਤੋਂ ਬਾਅਦ ਸਾਰੀਆਂ ਏਜੰਸੀਆਂ ਨੇ ਇਥੇ ਦੌਰਾ ਕੀਤਾ, ਜਾਂਚ ਕੀਤੀ ਪਰ ਨਤੀਜਾ ਜ਼ੀਰੋ। ਹਾਲਾਤ ਇਹ ਹਨ ਕਿ 13 ਦਿਨ ਬੀਤ ਜਾਣ ਤੋਂ ਬਾਅਦ ਵੀ ਦੋਸ਼ੀਆਂ ਨੂੰ ਫੜਨਾ ਤਾਂ ਦੂਰ ਕਮਿਸ਼ਨਰੇਟ ਪੁਲਸ ਅਤੇ ਦਿਹਾਤੀ ਪੁਲਸ ਇਹ ਦੱਸਣ ‘ਚ ਅਸਫਲ ਹੈ ਕਿ ਇਹ ਬੰਬ ਕੀ ਸੀ ਅਤੇ ਕਿਸ ਨੇ ਸੁੱਟਿਆ। ਮਕਸੂਦਾਂ ਥਾਣੇ ‘ਤੇ ਹੋਏ ਹਮਲੇ ਨੂੰ ਪੰਜਾਬ ਪੁਲਸ ਦੇ ਆਲ੍ਹਾ ਅਧਿਕਾਰੀਆਂ ਨੇ ਕਦੇ ਗੰਭੀਰਤਾ ਨਾਲ ਲਿਆ ਹੀ ਨਹੀਂ। ਜੇਕਰ ਜਲੰਧਰ ‘ਚ ਹੋਏ ਬੰਬ ਧਮਾਕੇ ਨੂੰ ਲੈ ਕੇ ਪੁਲਸ ਤੁਰੰਤ ਐਕਸ਼ਨ ਵਿਚ ਆ ਜਾਂਦੀ ਤਾਂ ਅੱਜ ਮੋਗਾ ਵਿਚ ਬੰਬ ਬਲਾਸਟ ਨਾ ਹੁੰਦਾ। ਹਕੀਕਤ ਇਹ ਹੈ ਕਿ ਪੰਜਾਬ ਪੁਲਸ ਆਪਣੀ ਡਫਲੀ ਵਜਾ ਰਹੀ ਹੈ ਦੇਸ਼ ਵਿਰੋਧੀ ਤਾਕਤਾਂ ਲਗਾਤਾਰ ਸੂਬੇ ਨੂੰ ਕਮਜ਼ੋਰ ਕਰਨ ਵਿਚ ਸਫਲ ਹੋ ਰਹੀਆਂ ਹਨ। 13 ਦਿਨ ਬੀਤ ਜਾਣ ਤੋਂ ਬਾਅਦ ਵੀ ਥਾਣੇ ‘ਤੇ ਹੋਏ ਹਮਲੇ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਜਨਤਾ ‘ਚ ਦਹਿਸ਼ਤ ਹੈ, ਨਾਲ ਹੀ ਥਾਣੇ ‘ਚ ਕੰਮ ਕਰਨ ਵਾਲੇ ਮੁਲਾਜ਼ਮ ਵੀ ਖੁਦ ਨੂੰ ਸੁਰੱਖਿਅਤ ਨਹੀਂ ਮੰਨ ਰਹੇ। ਪੁਲਸ ਮੁਲਾਜ਼ਮਾਂ ਦਾ ਮੰਨਣਾ ਹੈ ਕਿ ਜੇਕਰ ਥਾਣਿਆਂ ‘ਤੇ ਦੁਬਾਰਾ ਕੋਈ ਵੱਡਾ ਹਮਲਾ ਹੁੰਦਾ ਹੈ ਤਾਂ ਪੁਲਸ ਇਸ ਹਮਲੇ ਦਾ ਮੁਕਾਬਲਾ ਕਰਨ ‘ਚ ਅਸਮਰੱਥ ਹੈ। ਜਿਸ ਤਰ੍ਹਾਂ ਜਲੰਧਰ ਬੰਬ ਬਲਾਸਟ ਦੇ ਮਾਮਲੇ ‘ਚ ਪੁਲਸ ਪੂਰੀ ਤਰ੍ਹਾਂ ਫੇਲ ਰਹੀ ਹੈ ਉਸ ਨਾਲ ਹਮਲਾ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹੋਏ ਹਨ।

You must be logged in to post a comment Login